ਮੁੰਬਈ: ਸ਼ੈਫਾਲੀ ਵਰਮਾ (84) ਤੇ ਕਪਤਾਨ ਮੈਗ ਲੈਨਿੰਗ (72) ਦੇ ਨੀਮ ਸੈਂਕੜਿਆਂ ਅਤੇ ਅਮਰੀਕਾ ਦੀ ਤਾਰਾ ਨੌਰਿਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ (ਡੀਸੀ) ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦੇ ਦੂਜੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੂੰ 60 ਦੌੜਾਂ ਨਾਲ ਮਾਤ ਦਿੱਤੀ। ਇਸ ਦੌਰਾਨ ਸ਼ੈਫਾਲੀ ਤੇ ਮੈਗ ਲੈਨਿੰਗ ਨੇ ਪਹਿਲੀ ਵਿਕਟ ਲਈ 162 ਦੌੜਾਂ ਜੋੜੀਆਂ ਅਤੇ ਤਾਰਾ ਨੌਰਿਸ ਨੇ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਦਿੱਲੀ ਕੈਪੀਟਲਜ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸ਼ੈਫਾਲੀ ਅਤੇ ਲੈਨਿੰਗ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਦੋ ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 163 ਦੌੜਾਂ ਹੀ ਬਣਾ ਸਕੀ। ਆਰਸੀਬੀ ਲਈ ਕਪਤਾਨ ਸਮ੍ਰਿਤੀ ਮੰਧਾਨਾ ਨੇ 35 ਦੌੜਾਂ, ਹਰਫਨਮੌਲਾ ਹੀਥਰ ਨਾਈਟ ਨੇ 34 ਦੌੜਾਂ ਅਤੇ ਐਲਿਸ ਪੈਰੀ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਕੈਪੀਟਲਜ਼ ਵੱਲੋਂ ਤਾਰਾ ਤੋਂ ਇਲਾਵਾ ਐਲਿਸ ਕੈਪਸੇ ਨੇ ਦੋ ਅਤੇ ਸ਼ਿਖਾ ਪਾਂਡੇ ਨੇ ਇਕ ਵਿਕਟ ਲਈ। -ਪੀਟੀਆਈ