ਮੁੰਬਈ: ਅਦਾਕਾਰ ਰਣਬੀਰ ਕਪੂਰ ਨੇ ਨਿਰਦੇਸ਼ਕ ਲਵ ਰੰਜਨ ਦੀ ਫਿਲਮ ‘ਤੂ ਝੂਠੀ ਮੈਂ ਮੱਕਾਰ’ ਨਾਲ ਜੁੜੇ ਆਪਣੇ ਤਜਰਬੇ ਅਤੇ ਫਿਲਮ ਵਿਚਲੇ ਆਪਣੇ ਮੋਨੋਲੌਗ ਦੀ ਤਿਆਰੀ ਕਰਨ ਵੇਲੇ ਆਈਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ। ਰਣਬੀਰ ਕਪੂਰ ਆਪਣੀ ਫਿਲਮ ਦੇ ਪ੍ਰਚਾਰ ਲਈ ਸ਼ਰਧਾ ਕਪੂਰ ਤੇ ਅਨੁਭਵ ਸਿੰਘ ਬੱਸੀ ਨਾਲ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਇਆ ਸੀ। ਸ਼ੋਅ ਦੌਰਾਨ ਗੱਲਬਾਤ ਕਰਦਿਆਂ ਅਦਾਕਾਰ ਨੇ ਕਿਹਾ, ‘ਨਿਰਦੇਸ਼ਕ ਲਵ ਰੰਜਨ ਦੇ ਕੰਮ ਕਰਨ ਦਾ ਅੰਦਾਜ਼ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ। ਸਾਡੇ ਸਾਰਿਆਂ ਲਈ ਹੀ ਇਹ ਇੱਕ ਨਵਾਂ ਤਜਰਬਾ ਸੀ। ਸਾਨੂੰ ਸ਼ੂਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਸਕ੍ਰਿਪਟ ਦਿੱਤੀ ਜਾਂਦੀ ਸੀ ਤੇ ਸਾਡੇ ਕੋਲ ਪੰਜ-ਪੰਜ ਪੇਜ ਲੰਮੇ ਮੋਨੋਲੌਗ ਯਾਦ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਹੁੰਦਾ। ਅਸੀਂ ਆਪਣਾ ਸਾਰਾ ਜ਼ੋਰ ਇਹ ਡਾਇਲਾਗ ਯਾਦ ਕਰਨ ਵਿੱਚ ਲਗਾ ਦਿੰਦੇ ਸਾਂ। ਫਿਲਮ ਵਿਚਲੇ ਮੋਨੋਲੌਗ ਬਾਰੇ ਗੱਲ ਕਰਦਿਆਂ ਰਣਬੀਰ ਨੇ ਕਿਹਾ, ‘ਲਵ ਰੰਜਨ ਦਾ ਡਾਇਲਾਗ ਲਿਖਣ ਦਾ ਅੰਦਾਜ਼ ਸੰਗੀਤਮਈ, ਲੈਅਬੱਧ ਅਤੇ ਉਤਰਾਅ-ਚੜ੍ਹਾਵਾਂ ਵਾਲਾ ਹੈ। ਉਸ ਨੂੰ ਡਾਇਲਾਗ ਬੋਲਣ ਵੇਲੇ ਵਿੱਚ ਰੁਕਣਾ ਜਾਂ ਸਾਹ ਲੈਣਾ ਪਸੰਦ ਨਹੀਂ ਹੈ। ਇੱਕ ਸਧਾਰਨ ਜਿਹੇ ਡਾਇਲਾਗ ਵੇਲੇ ਹੀ ਸਾਨੂੰ ਇੰਜ ਲੱਗਦਾ ਸੀ ਕਿ ਅਸੀਂ ਕੋਈ ਐਕਸ਼ਨ ਸੀਨ ਕਰ ਰਹੇ ਹਾਂ।’ ਫਿਲਮ ਜਗਤ ਬਾਰੇ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਅਦਾਕਾਰ ਨੇ ਕਿਹਾ, ‘ਬਚਪਨ ਤੋਂ ਹੀ ਮੈਂ ਫਿਲਮਾਂ ਵਾਲੇ ਮਾਹੌਲ ਵਿੱਚ ਰਿਹਾ ਹਾਂ ਤੇ ਇਸ ਮਾਹੌਲ ਨੇ ਹੀ ਮੈਨੂੰ ਇੱਕ ਅਦਾਕਾਰ ਵਜੋਂ ਢਾਲਿਆ ਹੈ।’ -ਆਈਏਐੱਨਐੱਸ