ਨਵੀਂ ਦਿੱਲੀ: ਏਸ਼ਿਆਈ ਪੈਰਾ ਅਥਲੈਟਿਕਸ ਦੀ ਸੋਨ ਤਗ਼ਮਾ ਜੇਤੂ ਏਕਤਾ ਭਯਾਨ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ ਭਾਰਤੀ ਟੀਮ ਦੁਬਈ ਵਰਲਡ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿੱਚ ਸੱਤ ਤਗ਼ਮੇ ਜਿੱਤ ਕੇ ਦੇਸ਼ ਪਰਤ ਆਈ ਹੈ। ਭਾਰਤੀ ਟੀਮ ਨੇ ਚਾਰ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ ੲੇਕਤਾ ਦਾ ਏਸ਼ਿਆਈ ਰਿਕਾਰਡ ਵੀ ਸ਼ਾਮਲ ਹੈ। ਤਗ਼ਮਾ ਸੂਚੀ ਵਿੱਚ ਭਾਰਤ 28ਵੇਂ ਸਥਾਨ ‘ਤੇ ਰਿਹਾ। ਇਸ ਦੌਰਾਨ 102 ਤਗ਼ਮਿਆਂ ਨਾਲ ਚੀਨ ਪਹਿਲੇ ਅਤੇ ਯੂਕਰੇਨ ਦੂਜੇ ਸਥਾਨ ‘ਤੇ ਰਿਹਾ। ਏਸ਼ੀਅਨ ਪੈਰਾ ਗੇਮਜ਼ ਵਿੱਚ ਸੋਨ ਤਗ਼ਮਾ ਜੇਤੂ ਏਕਤਾ ਬਯਾਨ ਨੇ ਮਹਿਲਾਵਾਂ ਦੇ ਵ੍ਹੀਲਚੇਅਰ ਡਿਸਕਸ ਐੱਫ53 ਮੁਕਾਬਲੇ ਦੌਰਾਨ ਪੰਜਵੀਂ ਕੋਸ਼ਿਸ਼ ‘ਚ 6.35 ਮੀਟਰ ਦੂਰ ਡਿਸਕਸ ਸੁੱਟ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਦੌਰਾਨ ਸੋਨ ਤਗ਼ਮਾ ਯੂਕਰੇਨ ਦੀ ਜ਼ੋਇਆ ਓਵਸੀ (13.19 ਮੀਟਰ) ਨੇ ਹਾਸਲ ਕੀਤਾ। ਹਿਸਾਰ ਦੀ 37 ਸਾਲਾ ਏਕਤਾ ਨੇ ਮਹਿਲਾਵਾਂ ਦੇ ਕਲੱਬ ਐੱਫ51 ਮੁਕਾਬਲੇ ਦੌਰਾਨ ਨਵਾਂ ਏਸ਼ਿਆਈ ਰਿਕਾਰਡ ਬਣਾਇਆ, ਜਦਕਿ ਉਹ 17.20 ਮੀਟਰ ਦੇ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੀ। ਇਸ ਵਿੱਚ ਯੂਕਰੇਨ ਦੀ ਓਵਸੀ ਨੇ 23.88 ਮੀਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਕਲੱਬ ਥਰੋਅ ਮੁਕਾਬਲੇ ਵਿੱਚ ਆਪਣੇ ਪ੍ਰਦਰਸ਼ਨ ਸਦਕਾ ੲੇਕਤਾ ਭਯਾਨ ਨੇ ਪੈਰਿਸ ਵਿੱਚ 8 ਤੋਂ 17 ਜੁਲਾਈ ਤੱਕ ਹੋਣ ਵਾਲੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦਾ ਟਿਕਟ ਕਟਾਇਆ। -ਪੀਟੀਆਈ