ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਆਗਾਮੀ ਏਸ਼ਿਆਈ ਖੇਡਾਂ ਲਈ ਸ਼ੁੱਕਰਵਾਰ ਤੋਂ ਲਏ ਜਾ ਰਹੇ ਟਰਾਇਲ ਦੇਣ ਲਈ ਪੰਜ ਭਲਵਾਨਾਂ ਨੂੰ ਮਨਜ਼ੂਰੀ ਦਿੱਤੀ ਹੈ। ਛੁੱਟੀ ਦੇ ਬਾਵਜੂਦ ਵਿਸ਼ੇਸ਼ ਸੁਣਵਾਈ ਦੌਰਾਨ ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ ਭਲਵਾਨ ਅਨੁਜ ਕੁਮਾਰ, ਚੰਦਰ ਮੋਹਨ, ਵਿਜੈ, ਅੰਕਿਤ ਅਤੇ ਸਚਿਨ ਮੋਰ ਨੂੰ ਟਰਾਇਲ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਈ ਕੋਰਟ ਨੇ ਕਿਹਾ ਕਿ ਟਰਾਇਲਾਂ ਵਿੱਚ ਭਾਗੀਦਾਰੀ ਨੂੰ ਅਦਾਲਤੀ ਰਾਏ ਵਜੋਂ ਨਹੀਂ ਲੈਣਾ ਚਾਹੀਦਾ ਸਗੋਂ ਇਹ ਫੈਸਲਾ ਭਲਵਾਨਾਂ ਦੀ ਮੈਰਿਟ ‘ਤੇ ਹੋਇਆ ਹੈ ਜਿਸ ਬਾਰੇ ਆਖਰੀ ਫੈਸਲਾ ਚੋਣ ਕਮੇਟੀ ਲਵੇਗੀ। ਜ਼ਿਕਰਯੋਗ ਹੈ ਕਿ ਕਜ਼ਾਖਸਤਾਨ ਦੇ ਅਸਤਾਨਾ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਨੌਂ ਅਪਰੈਲ ਤੋਂ 14 ਤੱਕ ਏਸ਼ੀਅਨ ਗੇਮਜ਼ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਕੁਸ਼ਤੀ ਫੈਡਰੇਸ਼ਨ ਵੱਲੋਂ ਅਪਣਾਇਆ ਗਿਆ ਮਾਪਦੰਡ ਪੱਖਪਾਤੀ ਹੈ, ਜਿਸ ਦੇ ਨਤੀਜੇ ਵਜੋਂ ਮਾੜੇ ਪਹਿਲਵਾਨਾਂ ਨੂੰ ਟਰਾਇਲਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ ਟਰਾਇਲ 10 ਅਤੇ 11 ਮਾਰਚ ਨੂੰ ਲਏ ਜਾਣੇ ਹਨ। ਉਨ੍ਹਾਂ ਨਿਗਰਾਨ ਕਮੇਟੀ ਨੂੰ ਈ-ਮੇਲ ਭੇਜ ਕੇ ਟਰਾਇਲ ਵਿੱਚ ਹਿੱਸਾ ਲੈਣ ਲਈ ਮਨਜ਼ੂਰੀ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮਾਪਦੰਡਾਂ ’ਤੇ ਖਰੇ ਨਹੀਂ ਉੱਤਰਦੇ ਹਨ। -ਪੀਟੀਆਈ