ਅਹਿਮਦਾਬਾਦ, 10 ਮਾਰਚ
ਉਸਮਾਨ ਖਵਾਜਾ ਤੇ ਕੈਮਰੂਨ ਗਰੀਨ ਦੇ ਸੈਂਕੜਿਆਂ ਸਦਕਾ ਆਸਟਰੇਲਿਆਈ ਟੀਮ ਅੱਜ ਇੱਥੇ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ 480 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਮਗਰੋਂ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 36 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 18 ਅਤੇ ਕਪਤਾਨ ਰੋਹਿਤ ਸ਼ਰਮਾ 17 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ। ਭਾਰਤੀ ਟੀਮ ਆਸਟਰੇਲੀਆ ਦੀਆਂ ਪਹਿਲੀ ਪਾਰੀ ਵਿੱਚ 480 ਦੌੜਾਂ ਤੋਂ ਹਾਲੇ 444 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਉਸਮਾਨ ਖਵਾਜਾ ਨੇ 422 ਗੇਂਦਾਂ ‘ਤੇ 21 ਚੌਕਿਆਂ ਦੀ ਮਦਦ ਨਾਲ 180 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਖਵਾਜਾ ਆਪਣਾ ਦੋਹਰਾ ਸੈਂਕੜਾ ਪੂਰਾ ਨਹੀਂ ਕਰ ਸਕਿਆ ਪਰ ਉਸ ਨੇ ਕੈਮਰੂਨ ਗਰੀਨ ਨਾਲ 5ਵੀਂ ਵਿਕਟ ਲਈ 208 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਕੈਮਰੂਨ ਨੇ 170 ਗੇਂਦਾਂ ਦਾ ਸਾਹਮਣਾ ਕਰਦਿਆਂ 114 ਦੌੜਾਂ ਬਣਾਈਆਂ ਤੇ 18 ਚੌਕੇ ਜੜੇ। ਗਰੀਨ ਦਾ ਇਹ ਪਹਿਲਾ ਕੌਮਾਂਤਰੀ ਸੈਂਕੜਾ ਹੈ। ਟੌਡ ਮਰਫੀ ਨੇ 41 ਦੌੜਾਂ ਅਤੇ ਨਾਥਨ ਲਿਓਨ ਨੇ 34 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 480 ਦੌੜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਭਾਰਤ ਵੱਲੋਂ ਸਪਿੰਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ 91 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਸ ਨੇ ਕਰੀਅਰ ਦੌਰਾਨ 32ਵੀਂ ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ। ਮੁਹੰਮਦ ਸ਼ੰਮੀ ਨੇ 2 ਵਿਕਟਾਂ ਲਈਆਂ ਜਦਕਿ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਨੂੰ ਇੱਕ ਇੱਕ ਵਿਕਟ ਮਿਲੀ। -ਏਜੰਸੀ