ਦੁਬਈ, 15 ਮਾਰਚ
ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਵੱਲੋਂ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਨੇ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਸਿਖਰਲੇ ਗੇਂਦਬਾਜ਼ ਦਾ ਖ਼ਿਤਾਬ ਮੁੜ ਆਪਣੇ ਨਾਂ ਕਰ ਲਿਆ ਹੈ। ਅਸ਼ਵਿਨ ਨੇ ਡਰਾਅ ਹੋਏ ਇਸ ਮੈਚ ਵਿੱਚ 91 ਦੌੜਾਂ ਦੇ ਕੇ ਛੇ ਖਿਡਾਰੀ ਆਊਟ ਕੀਤੇ ਸਨ ਤੇ ਬਾਰਡਰ-ਗਵਾਸਕਰ ਟਰਾਫੀ ਟੂਰਨਾਮੈਂਟ ਵਿੱਚ ਸਭ ਤੋਂ ਵਧ 25 ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਉਸ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ 10 ਰੇਟਿੰਗ ਅੰਕਾਂ ਨਾਲ ਪਛਾੜ ਦਿੱਤਾ ਹੈ। ਟੀਮ ਇੰਡੀਆ ਦਾ ਫਿਰਕੀ ਗੇਂਦਬਾਜ਼ ਅਕਸਰ ਪਟੇਲ ਛੇ ਸਥਾਨ ਉਪਰ ਚੜ੍ਹਦਿਆਂ ਗੇਂਦਬਾਜ਼ਾਂ ਦੀ ਸੂਚੀ ਵਿੱਚ 28ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਸੇ ਦੌਰਾਨ ਪਿੱਠ ਦੇ ਜ਼ਖ਼ਮ ਤੋਂ ਉੱਭਰ ਰਿਹਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ਵਿੱਚ ਹੇਠਾਂ ਡਿੱਗਦਿਆਂ ਸੱਤਵੇਂ ਸਥਾਨ ‘ਤੇ ਆ ਗਿਆ ਹੈ।
ਇਕ ਹੋਰ ਜਾਣਕਾਰੀ ਅਨੁਸਾਰ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਸੂਚੀ ਵਿੱਚ 7 ਸਥਾਨ ਉਪਰ ਉਠਦਿਆਂ 13ਵੀਂ ਪੁਜ਼ੀਸ਼ਨ ‘ਤੇ ਪਹੁੰਚ ਗਿਆ ਹੈ। ਉਸ ਨੂੰ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ‘ਪਲੇਅਰ ਆਫ ਦਿ ਮੈਚ’ ਐਲਾਨਿਆ ਗਿਆ ਸੀ। ਇਸੇ ਤਰ੍ਹਾਂ ਸ਼ੁਭਮਨ ਗਿੱਲ 17 ਸਥਾਨ ਉਪਰ ਉਠਦਿਆਂ ਬੱਲੇਬਾਜ਼ਾਂ ਦੀ ਸੂਚੀ ਵਿੱਚ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਜ਼ਖਮੀ ਰਿਸ਼ਭ ਪੰਤ (9ਵੇਂ) ਤੇ ਕਪਤਾਨ ਰੋਹਿਤ ਸ਼ਰਮਾ (10ਵੇਂ) ਅਜਿਹੇ ਭਾਰਤੀ ਖ਼ਿਡਾਰੀ ਹਨ ਜੋ ਕਿ ਸਿਖਰਲੇ 10 ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ। -ਪੀਟੀਆਈ