ਇਸਲਾਮਾਬਾਦ: ਕਾਬੁਲ ਵਿੱਚ ਵਿਦੇਸ਼ ਮੰਤਰਾਲੇ ਨੇੜੇ ਹੋਏ ਆਤਮਘਾਤੀ ਬੰਬ ਧਮਾਕੇ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਸ ਸਾਲ ਮੰਤਰਾਲੇ ਨੇੜੇ ਇਹ ਦੂਜਾ ਹਮਲਾ ਹੋਇਆ ਹੈ। ਹਾਲੇ ਤੱਕ ਕਿਸੇ ਵੀ ਸੰਗਠਨ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਾਬੁਲ ਪੁਲੀਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਅਨੁਸਾਰ ਮੰਤਰਾਲੇ ਨੇੜੇ ਮਲਿਕ ਅਸਗਰ ਚੌਰਾਹੇ ‘ਤੇ ਬਣੀ ਇੱਕ ਚੌਕੀ ਤੱਕ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਫਿਦਾਈਨ ਨੂੰ ਦੇਖਿਆ ਸੀ। ਇਸ ਮਗਰੋਂ ਆਤਮਘਾਤੀ ਹਮਲਾਵਰ ਨੇ ਧਮਾਕਾ ਕੀਤਾ, ਜਿਸ ਦੌਰਾਨ ਛੇ ਨਾਗਰਿਕਾਂ ਦੀ ਮੌਤ ਹੋ ਗਈ। ਹਮਲੇ ਦੌਰਾਨ ਤਾਲਿਬਾਨ ਸੁਰੱਖਿਆ ਬਲ ਦੇ ਤਿੰਨ ਮੈਂਬਰ ਵੀ ਜ਼ਖ਼ਮੀ ਹੋ ਗਏ। -ਏਪੀ