12.4 C
Alba Iulia
Sunday, April 28, 2024

ਆਈਪੀਐੱਲ: ਪੰਜਾਬ ਕਿੰਗਜ਼ ਨੇ ਕੀਤੀ ਜੇਤੂ ਸ਼ੁਰੂਆਤ

Must Read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ (ਮੁਹਾਲੀ), 1 ਅਪਰੈਲ

ਇਥੋਂ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐੱਲ ਸੀਜ਼ਨ-16 ਤਹਿਤ ਖੇਡੇ ਗਏ ਮੈਚ ਦੌਰਾਨ ਅੱਜ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਦੌੜਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਮੈਚ ਦੇ ਆਖਰੀ ਪੜਾਅ ਵਿੱਚ ਹੋਈ ਬਾਰਿਸ਼ ਕਾਰਨ ਮੈਚ ਰੋਕਣਾ ਪਿਆ ਅਤੇ ਡੀਐੱਲਐੱਸ (ਡੱਕ ਵਰਥ ਲੂਇਸ) ਨਿਯਮ ਅਨੁਸਾਰ ਹੋਏ ਫੈਸਲੇ ਵਿੱਚ ਪੰਜਾਬ ਕਿੰਗਜ਼ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਕਿੰਗਜ਼ ਦੇ ਗੇਂਦਬਾਜ਼ ਅਤੇ ਖਰੜ ਦੇ ਵਸਨੀਕ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਮਹਿਜ਼ ਤਿੰਨ ਓਵਰਾਂ ਵਿੱਚ 19 ਦੌੜਾਂ ਦੇ ਕੇ ਕੇਕੇਆਰ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਲਈਆਂ। ਪੰਜਾਬ ਨੇ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਉੱਤੇ 191 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਮੀਂਹ ਕਾਰਨ ਮੈਚ ਰੁਕਣ ਸਮੇਂ ਤੱਕ ਕੋਲਕਾਤਾ ਨਾਈਟ ਰਾਈਡਰਜ਼ ਨੇ 16 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 146 ਦੌੜਾਂ ਬਣਾ ਲਈਆਂ ਸਨ। ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਪ੍ਰਭਸਿਮਰਨ ਅਤੇ ਕਪਤਾਨ ਸ਼ਿਖ਼ਰ ਧਵਨ ਨੇ ਪਾਰੀ ਦਾ ਆਰੰਭ ਕੀਤਾ। ਪ੍ਰਭਸਿਮਰਨ ਨੇ 12 ਗੇਂਦਾਂ ਵਿੱਚ 23 ਦੌੜਾਂ, ਸ਼ਿਖ਼ਰ ਧਵਨ ਨੇ 29 ਗੇਂਦਾਂ ਵਿੱਚ 40 ਦੌੜਾਂ, ਬੀ. ਰਾਜਪਕਸਾ ਨੇ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ 31 ਗੇਂਦਾਂ ਵਿੱਚ 50 ਦੌੜਾਂ, ਜਿਤੇਸ਼ ਸ਼ਰਮਾ ਨੇ 11 ਗੇਂਦਾਂ ਵਿੱਚ 21 ਦੌੜਾਂ ਬਣਾਈਆਂ ਤੇ ਸਿਕੰਦਰ ਰਜ਼ਾ 13 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋਏ। ਸੈਮ ਕਰਨ 17 ਗੇਂਦਾਂ ਵਿੱਚ 26 ਦੌੜਾਂ ਅਤੇ ਸ਼ਾਹਰੁਖ ਖਾਨ 7 ਗੇਂਦਾਂ ਵਿੱਚ 11 ਦੌੜਾਂ ਬਣਾ ਕੇ ਨਾਟ-ਆਊਟ ਰਹੇ।

ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਵਿੱਚੋਂ ਉਮੇਸ਼ ਯਾਦਵ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ, ਟਿਮ ਸਾਊਦੀ ਨੇ ਚਾਰ ਓਵਰਾਂ ਵਿੱਚ 54 ਦੌੜਾਂ ਦੇ ਕੇ 2 ਵਿਕਟਾਂ, ਸੁਨੀਲ ਨਾਰਾਇਣ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਇੱਕ ਵਿਕਟ, ਵੀ. ਚਕਰਾਵਰਤੀ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਜ਼ਿਆਦਾ ਕਮਾਲ ਨਾ ਵਿਖਾ ਸਕੇ। ਮਨਦੀਪ ਸਿੰਘ ਨੇ ਦੋ, ਆਰ ਗੁਰਬਾਜ਼ ਨੇ 22, ਅਨੁਕੂਲ ਰਾਏ ਨੇ 4, ਵੈਂਕਟੇਸ਼ ਅਈਅਰ ਨੇ 34, ਨਿਤੀਸ਼ ਰਾਣਾ ਨੇ 24, ਰਿੰਕੂ ਸਿੰਘ ਨੇ 4 ਤੇ ਐਂਡਰੇ ਰੱਸਲ ਨੇ 35 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਅੱਠ ਅਤੇ ਸੁਨੀਲ ਨਾਰਾਇਣ ਸੱਤ ਦੌੜਾਂ ‘ਤੇ ਨਾਬਾਦ ਰਹੇ।

ਪੰਜਾਬ ਦੇ ਗੇਂਦਬਾਜ਼ਾਂ ਵਿੱਚ ਅਰਸ਼ਦੀਪ ਸਿੰਘ ਨੇ ਤਿੰਨ ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸੈਮ ਕਰਨ ਨੇ ਇੱਕ ਵਿਕਟ, ਨਾਥਨ ਏਲਿਸ ਨੇ ਇੱਕ ਵਿਕਟ, ਸਿਕੰਦਰ ਰਜ਼ਾ ਨੇ ਇੱਕ ਵਿਕਟ, ਰਾਹੁਲ ਚਾਹਰ ਨੇ ਇੱਕ ਵਿਕਟ ਹਾਸਲ ਕੀਤੀ। ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕ ਪ੍ਰੀਤੀ ਜ਼ਿੰਟਾ ਟੀਮ ਦੀ ਹੌਸਲਾ ਅਫ਼ਜ਼ਾਈ ਕਰਦੀ ਰਹੀ।

ਸਟੇਡੀਅਮ ਦੀਆਂ ਲਾਈਟਾਂ ਨਾ ਜਗਣ ਕਾਰਨ 23 ਮਿੰਟ ਰੁਕਿਆ ਮੈਚ

ਪੀਸੀਏ ਸਟੇਡੀਅਮ ਵਿੱਚ ਦੂਜੀ ਪਾਰੀ ਨਿਰਧਾਰਿਤ ਸਮੇਂ ਤੋਂ 23 ਮਿੰਟ ਬਾਅਦ ਆਰੰਭ ਹੋਈ। ਵੇਰਵਿਆਂ ਅਨੁਸਾਰ ਸਟੇਡੀਅਮ ਦੀਆਂ ਲਾਈਟਾਂ ਨਾ ਜਗਣ ਕਾਰਨ ਪੂਰੀ ਰੋਸ਼ਨੀ ਨਹੀਂ ਹੋਈ। ਦੋਵੇਂ ਟੀਮਾਂ ਮੁੜ ਪਵੇਲੀਅਨ ਪਰਤ ਗਈਆਂ। ਲਾਈਟਾਂ ਪੂਰੀ ਤਰ੍ਹਾਂ ਜਗਣ ਮਗਰੋਂ 23 ਮਿੰਟ ਬਾਅਦ ਮੈਚ ਆਰੰਭ ਹੋਇਆ। ਦਰਸ਼ਕਾਂ ਅਨੁਸਾਰ ਜੇਕਰ ਲਾਈਟਾਂ ਜਗਣ ਵਿੱਚ ਦੇਰੀ ਨਾ ਹੁੰਦੀ ਤਾਂ ਮੈਚ ਬਾਰਸ਼ ਤੋਂ ਪਹਿਲਾਂ ਖ਼ਤਮ ਹੋ ਜਾਣਾ ਸੀ।

ਪ੍ਰੀਤੀ ਜ਼ਿੰਟਾ ਨੇ ਐਂਤਕੀ ਟੀ-ਸ਼ਰਟਾਂ ਨਹੀਂ ਸੁੱਟੀਆਂ

ਦਰਸ਼ਕਾਂ ਨੂੰ ਦੇਖ ਕੇ ਮੁਸਕਰਾਉਂਦੀ ਹੋਈ ਅਦਾਕਾਰਾ ਪ੍ਰੀਤੀ ਜ਼ਿੰਟਾ।

ਦਰਸ਼ਕਾਂ ਵੱਲੋਂ ਪੰਜਾਬ ਟੀਮ ਦੀ ਸਹਿ ਮਾਲਕ ਪ੍ਰੀਤੀ ਜ਼ਿੰਟਾ ਵੱਲੋਂ ਸੁੱਟੀਆਂ ਜਾਂਦੀਆਂ ਟੀ-ਸ਼ਰਟਾਂ ਦੀ ਉਡੀਕ ਵੀ ਐਂਤਕੀ ਅਧੂਰੀ ਰਹੀ। ਦਰਸ਼ਕਾਂ ਵਿੱਚ ਆ ਕੇ ਟੀਮ ਦੀ ਹੌਸਲਾ ਅਫਜ਼ਾਈ ਕਰਨ ਦੇ ਬਾਵਜੂਦ ਪ੍ਰੀਤੀ ਜ਼ਿੰਟਾ ਨੇ ਇਸ ਵਾਰ ਟੀ-ਸ਼ਰਟਾਂ ਨਹੀਂ ਸੁੱਟੀਆਂ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -