ਐਜ਼ੋਲ, 1 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਉੱਤਰ-ਪੂਰਬ ਵਿੱਚ ਸਰਗਰਮ ਦਹਿਸ਼ਤਗਰਦਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਐਜ਼ੋਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਿਜ਼ੋਰਮ ਵਿੱਚ ਸ਼ਾਂਤੀ ਸਥਾਪਤ ਹੋਣਾ ਭਾਰਤੀ ਜਮਹੂਰੀਅਤ ਦੀ ਜਿੱਤ ਦੀ ਮਿਸਾਲ ਹੈ। ਸ਼ਾਹ ਨੇ ਅੱਜ ਇੱਥੇ 2,414 ਕਰੋੜ ਰੁਪਏ ਦੀ ਲਾਗਤ ਵਾਲੇ 11 ਪ੍ਰਾਜੈਕਟਾਂ ਵਿੱਚੋਂ ਕੁੱਝ ਦਾ ਵਰਚੁਅਲੀ ਉਦਘਾਟਨ ਕੀਤਾ। ਉਨ੍ਹਾਂ ਕਿਹਾ, ”ਮੈਂ ਉੱਤਰ-ਪੂਰਬ ਵਿੱਚ ਬਚੇ ਕੁਝ ਸਰਗਰਮ ਦਹਿਸ਼ਤਗਰਦਾਂ ਨੂੰ ਮੁੱਖ ਧਾਰਾ ਵਿੱਚ ਪਰਤਣ, ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਬਣਨ ਅਤੇ ਖੇਤਰ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ।” ਉਨ੍ਹਾਂ ਕਿਹਾ, ”ਮਿਜ਼ੋਰਮ ਵਿੱਚ ਸ਼ਾਂਤੀ ਸਥਾਪਤ ਹੋ ਗਈ ਹੈ, ਜਿੱਥੇ ਬਗਾਵਤ ਹੋਈ ਸੀ। ਇਹ ਭਾਰਤ ਦੇ ਜਮਹੂਰੀਅਤ ਦੀ ਜਿੱਤ ਦੀ ਸ਼ਾਨਦਾਰ ਮਿਸਾਲ ਹੈ।” ਉਨ੍ਹਾਂ ਸੂਬੇ ਵਿੱਚ ਅਸਾਮ ਰਾਈਫਲਜ਼ ਬਟਾਲੀਅਨ ਹੈੱਡਕੁਆਰਟਰ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਸ਼ਾਹ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਵਿੱਚ ਵਿਕਾਸ ਦਾ ਨਾਮੋ-ਨਿਸ਼ਾਨ ਨਹੀਂ ਸੀ। ਉਨ੍ਹਾਂ ਕਿਹਾ, ”ਪਿਛਲੇ ਨੌਂ ਸਾਲਾਂ ਦੌਰਾਨ ਅਸੀਂ ਉੱਤਰ-ਪੂਰਬ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਕਾਮਯਾਬ ਹੋਏ ਹਾਂ।” -ਪੀਟੀਆਈ