ਸਤਨਾ, 1 ਅਪਰੈਲ
ਰਾਸ਼ਟਰੀ ਸਵੈਮਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਬਾਇਲੀ ਮਹਾਰਾਣੀ ਰਾਣੀ ਦੁਰਗਾਵਤੀ ਦੀ ਬਹਾਦਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਨੂੰ ਪਹਿਲ ਦਿੱਤੀ ਅਤੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਲਈ ਇੱਕਜੁਟ ਹੋਣਾ ਚਾਹੀਦਾ ਹੈ। ਭਾਗਵਤ ਨੇ ਕਬਾਇਲੀ ਮਹਾਰਾਣੀ ਦੇ ਬੁੱਤ ਤੋਂ ਪਰਦਾ ਹਟਾਉਣ ਮਗਰੋਂ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ”ਰਾਣੀ ਦੁਰਗਾਵਤੀ ਨੇ ਹਮਲਾਵਰਾਂ (ਮੁਗਲਾਂ) ਦਾ ਡਟ ਕੇ ਮੁਕਾਬਲਾ ਕੀਤਾ। ਵੱਖ ਵੱਖ ਹਥਿਆਰਬੰਦ ਬਲਾਂ ਵੱਲੋਂ ਉਨ੍ਹਾਂ ਦੀ ਲੜਾਈ ਤਕਨੀਕ ਵਰਤੀ ਜਾ ਰਹੀ ਹੈ। ਉਨ੍ਹਾਂ ਵਿਦੇਸ਼ੀ ਧਾੜਵੀਆਂ ਦਾ ਡਟ ਕੇ ਮੁਕਾਬਲਾ ਕੀਤਾ।” ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 1857 ਵਿੱਚ ਲੜੀ ਗਈ ਪਹਿਲੀ ਲੜਾਈ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਰਾਣੀ ਦੁਰਗਾਵਤੀ ਦੇ ਸਾਹਸ ਅਤੇ ਸਰਵਉੱਚ ਬਲੀਦਾਨ ਤੋਂ ਪ੍ਰੇਰਨਾ ਲਈ ਸੀ। ਉਨ੍ਹਾਂ ਲੋਕਾਂ ਨੂੰ ਦੇਸ਼ ਦੀ ਰੱਖਿਆ ਲਈ ਰਾਣੀ ਦੁਰਗਾਵਤੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਮਭਾਗਵਤ ਨੇ ਪੁਰਾਣੇ ਭਾਰਤੀ ਸ਼ਾਸਕਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੋਕਾਂ ਦੇ ਭਲੇ ਲਈ ਕੰਮ ਕੀਤਾ ਅਤੇ ਸਾਰਿਆਂ ਨੂੰ ਬਰਾਬਰ ਸਮਝਦਿਆਂ ਸਮਾਜ ਤੇ ਧਰਮ ਦੀ ਰੱਖਿਆ ਕੀਤੀ। ਆਰਐੱਸਐੱਸ ਮੁਖੀ ਨੇ ਜ਼ਿਲ੍ਹੇ ਦੇ ਮਾਝਗਵਾਂ ਖੇਤਰ ਵਿੱਚ ਬਾਜਰੇ ਸਬੰਧੀ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਪੌਸ਼ਟਿਕ ਅਨਾਜ ਦੀ ਖਪਤ ਨੂੰ ਵਧਾਉਣ ਤੇ ਖੇਤੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ। -ਪੀਟੀਆਈ