ਮੈਡਰਿਡ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅੱਜ ਇਥੇ ਮੈਡਰਿਡ ਸਪੇਨ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਇੰਡੋਨੇਸ਼ੀਆ ਦੀ ਗਰੇਗੋਰੀਆ ਮਾਰਿਸਕਾ ਤੁਨਜੁੰਗ ਤੋਂ ਸਿੱਧੀ ਗੇਮ ਵਿੱਚ ਹਾਰ ਗਈ। ਸੱਟ ਲੱਗਣ ਕਾਰਨ ਪੰਜ ਮਹੀਨੇ ਬਾਹਰ ਰਹਿਣ ਮਗਰੋਂ ਸਿੰਧੂ ਨੇ ਬੈਡਮਿੰਟਨ ਵਿੱਚ ਵਾਪਸੀ ਕੀਤੀ ਹੈ ਅਤੇ ਮੌਜੂਦਾ ਗੇਮ ਦੇ ਸ਼ੁਰੂਆਤੀ ਦੌਰ ਵਿੱਚ ਅੱਗੇ ਵਧਣ ਵਿੱਚ ਨਾਕਾਮ ਰਹਿਣ ਕਾਰਨ ਉਹ ਇੰਡੋਨੇਸ਼ੀਆ ਦੀ ਗਰੇਗੋਰੀਆ ਤੁਨਜੁੰਗ ਤੋਂ 8-21, 8-21 ਦੇ ਫਰਕ ਨਾਲ ਹਾਰ ਗਈ। ਇਸ ਫਾਈਨਲ ਤੋਂ ਪਹਿਲਾਂ ਪੀ.ਵੀ. ਸਿੰਧੂ ਦਾ ਇੰਡੋਨੇਸ਼ੀਆ ਦੀ ਇਸ 23 ਵਰ੍ਹਿਆਂ ਦੀ ਖਿਡਾਰਨ ਖ਼ਿਲਾਫ਼ 7-0 ਦਾ ਰਿਕਾਰਡ ਸੀ ਪਰ ਉਹ ਫਾਈਨਲ ਵਿੱਚ ਦਬਾਅ ਬਣਾਉਣ ਵਿੱਚ ਅਸਫਲ ਰਹੀ। ਇਸ ਤਰ੍ਹਾਂ ਬੀਤੇ ਅੱਠ ਮਹੀਨਿਆਂ ਵਿੱਚ ਪੀ.ਵੀ. ਸਿੰਧੂ ਕੋਈ ਵੀ ਖ਼ਿਤਾਬੀ ਜਿੱਤ ਹਾਸਲ ਨਹੀਂ ਕਰ ਸਕੀ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਆਪਣਾ ਆਖ਼ਰੀ ਖ਼ਿਤਾਬ ਅਗਸਤ 2022 ਵਿੱਚ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੌਰਾਨ ਜਿੱਤਿਆ ਸੀ। -ਪੀਟੀਆਈ