ਨਵੀਂ ਦਿੱਲੀ, 2 ਅਪਰੈਲ
ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਾਨੀ (88) ਦਾ ਅੱਜ ਦੇਹਾਂਤ ਹੋ ਗਿਆ। ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੁਰਾਨੀ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹ ਆਪਣੇ ਛੋਟੇ ਭਰਾ ਜਹਾਂਗੀਰ ਦੁਰਾਨੀ ਨਾਲ ਗੁਜਰਾਤ ਦੇ ਰਾਮਨਗਰ ਵਿੱਚ ਰਹਿ ਰਹੇ ਸਨ। ਇਸ ਸਾਲ ਜਨਵਰੀ ਵਿੱਚ ਡਿੱਗਣ ਕਾਰਨ ਉਨ੍ਹਾਂ ਦੇ ਪੱਟ ਦੀ ਹੱਡੀ ਟੁੱਟ ਗਈ ਸੀ, ਜਿਸ ਦਾ ਅਪਰੇਸ਼ਨ ਹੋਇਆ ਸੀ। ਕਾਬੁਲ ਵਿੱਚ ਜਨਮੇ ਸਲੀਮ ਦੁਰਾਨੀ ਨਾ ਸਿਰਫ਼ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ, ਬਲਕਿ ਉਹ ਖੱਬੇ ਸਪਿੰਨ ਗੇਂਦਬਾਜ਼ ਵੀ ਸਨ। ਉਨ੍ਹਾਂ ਭਾਰਤ ਲਈ 29 ਟੈਸਟ ਮੈਚ ਖੇਡੇ। ਦੁਰਾਨੀ ਨੇ 1961-62 ਵਿੱਚ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਇੰਗਲੈਂਡ ਖ਼ਿਲਾਫ਼ ਭਾਰਤ ਦੀ 2-0 ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੀਮ ਦੁਰਾਨੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵ ਕ੍ਰਿਕਟ ਵਿੱਚ ਭਾਰਤ ਦੀ ਵੱਖਰੀ ਪਛਾਣ ਬਣਾਉਣ ‘ਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਦੁਰਾਨੀ ਖੇਡ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੀ ਸ਼ੈਲੀ ਲਈ ਜਾਣੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਦੁਰਾਨੀ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੁਰਾਨੀ ਦੇ ਦੇਹਾਂਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੁਰਾਨੀ ਭਾਰਤੀ ਕ੍ਰਿਕਟਰਾਂ ਲਈ ਪ੍ਰੇਰਣਾਸ੍ਰੋਤ ਰਹੇ। ਬੀਸੀਸੀਆਈ ਸਕੱਤਰ ਜਯ ਸ਼ਾਹ ਨੇ ਕਿਹਾ ਕਿ ਕ੍ਰਿਕਟ ਨੇ ਇਕ ਹੀਰਾ ਗੁਆ ਲਿਆ ਹੈ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ ਸੋਗ ਸੁਨੇਹੇ ‘ਚ ਲਿਖਿਆ ਕਿ ਦੁਰਾਨੀ ਸਭ ਨਾਲ ਪਿਆਰ ਕਰਨ ਵਾਲੇ ਇਨਸਾਨ ਸਨ। ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਦੁਰਾਨੀ ਸਭ ਤੋਂ ਰੰਗੀਨ ਕ੍ਰਿਕਟਰਾਂ ‘ਚੋਂ ਇਕ ਸਨ। ਦੁਰਾਨੀ ਨੇ ਭਾਵੇਂ ਇਕ ਹੀ ਸੈਂਕੜਾ ਜੜਿਆ ਸੀ ਪਰ ਉਨ੍ਹਾਂ ‘ਚ ਇਹ ਕਾਬਲੀਅਤ ਸੀ ਕਿ ਉਹ ਲੋਕਾਂ ਦੀ ਮੰਗ ‘ਤੇ ਛੱਕੇ ਜੜ ਦਿੰਦੇ ਸਨ। ਉਨ੍ਹਾਂ ਘਰੇਲੂ ਕ੍ਰਿਕਟ ‘ਚ 8545 ਦੌੜਾਂ ਬਣਾਈਆਂ ਸਨ ਅਤੇ 484 ਵਿਕਟਾਂ ਲਈਆਂ ਸਨ। -ਪੀਟੀਆਈ