ਕਟਕ, 3 ਅਪਰੈਲ
ਉੜੀਸਾ ਦੇ ਕਟਕ ਜ਼ਿਲ੍ਹੇ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ 22 ਸਾਲਾ ਵਿਅਕਤੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਉਦੋਂ ਹੱਤਿਆ ਕਰ ਦਿੱਤੀ ਗਈ, ਜਦੋਂ ਉਸ ਨੇ ਇੱਕ ਗੇਂਦ ਨੂੰ ‘ਨੋ-ਬਾਲ’ ਨਾ ਐਲਾਨਣ ‘ਤੇ ਅੰਪਾਇਰ ਨੂੰ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਚੌਧਵਾਰ ਪੁਲੀਸ ਥਾਣਾ ਖੇਤਰ ਸਥਿਤ ਮਹਿਸਾਨੰਦ ਪਿੰਡ ਵਿੱਚ ਇੱਕ ਕ੍ਰਿਕਟ ਮੈਚ ਹੋ ਰਿਹਾ ਸੀ, ਜਿਸ ਦੌਰਾਨ ਦੋ ਟੀਮਾਂ ਦੇ ਖਿਡਾਰੀਆਂ ਵਿਚਾਲੇ ਬਹਿਸ ਹੋ ਗਈ ਕਿਉਂਕਿ ਸੰਗਰਾਮ ਰਾਊਤ ਨਾਂ ਦੇ ਮੁੱਖ ਮੁਲਜ਼ਮ ਨੇ ਅੰਪਾਇਰ ਨੂੰ ਇੱਕ ਗੇਂਦ ‘ਨੋ-ਬਾਲ’ ਐਲਾਨਣ ਲਈ ਮਜਬੂਰ ਕੀਤਾ। ਪੁਲੀਸ ਨੇ ਦੱਸਿਆ ਕਿ ਜਦੋਂ ਅੰਪਾਇਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਸੰਗਰਾਮ ਅਤੇ ਦੋ ਹੋਰ ਵਿਅਕਤੀਆਂ ਨੇ ਉਸ ਨੂੰ ਧੱਕਾ ਦਿੱਤਾ। ਉਦੋਂ ਲੱਕੀ ਰਾਊਤ ਨਾਂ ਦੇ ਸਥਾਨਕ ਵਿਅਕਤੀ ਅੰਪਾਇਰ ਨੂੰ ਬਚਾਉਣ ਲਈ ਅੱਗੇ ਆਇਆ। ਮਾਮਲਾ ਭਖ਼ਣ ‘ਤੇ ਮੁਲਜ਼ਮ ਨੇ ਉਸ ‘ਤੇ ਬੱਲੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਛਾਤੀ ਵਿੱਚ ਚਾਕੂ ਮਾਰਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਲੱਕੀ ਨੂੰ ਐੱਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੰਗਰਾਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਏਐੱਸਪੀ ਅਰੁਣ ਕੁਮਾਰ ਸਵੈਨ ਨੇ ਕਿਹਾ ਕਿ ਇੱਕ ਟੀਮ ਬਣਾ ਕੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ