ਮਿਆਮੀ ਗਾਰਡਨਜ਼: ਡੇਨੀਅਲ ਮੈਦਵੇਦੇਵ ਨੇ ਮਿਆਮੀ ਓਪਨ ਟੈਨਿਸ ਦੇ ਫਾਈਨਲ ਵਿੱਚ ਜਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏਟੀਪੀ ਖਿਤਾਬ ਜਿੱਤਿਆ। ਮੈਦਵੇਦੇਵ ਦੀ ਸਿਨਰ ਖ਼ਿਲਾਫ਼ ਖੇਡੇ ਛੇ ਮੈਚਾਂ ਵਿੱਚ ਲਗਾਤਾਰ ਇਹ ਛੇਵੀਂ ਜਿੱਤ ਹੈ ਅਤੇ ਇਸ ਸਾਲ ਹੁਣ ਤੱਕ ਖੇਡੇ ਗਏ ਆਪਣੇ 25 ਮੁਕਾਬਲਿਆਂ ਵਿੱਚੋਂ ਉਸ ਨੇ 24 ਮੁਕਾਬਲੇ ਜਿੱਤੇ ਹਨ। ਇਸ ਦੌਰਾਨ ਉਸ ਨੂੰ ਇੰਡੀਅਨ ਵੇਲਜ਼ ਫਾਈਨਲ ਵਿੱਚ ਸਿਖਰਲੇ ਦਰਜੇ ਦੇ ਖਿਡਾਰੀ ਕਾਰਲਸ ਅਲਕਾਰਜ ਤੋਂ ਇਕਲੌਤੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਨਰ ਨੇ ਇੱਕ ਘੰਟੇ 34 ਮਿੰਟ ਤੱਕ ਚੱਲੇ ਮੁਕਾਬਲੇ ਦੇ ਸ਼ੁਰੂਆਤੀ ਸੈੱਟ ਵਿੱਚ ਮੇਦਵੇਦੇਵ ਨੂੰ ਸਖ਼ਤ ਟੱਕਰ ਦਿੱਤੀ ਪਰ ਰੂਸ ਦੇ ਖਿਡਾਰੀ ਨੇ ਦੂਜੇ ਸੈੱਟ ਵਿੱਚ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਸਾਲ ਦਾ ਪੰਜਵਾਂ ਖਿਤਾਬੀ ਮੁਕਾਬਲਾ ਖੇਡਣ ਵਾਲਾ ਮੈਦਵੇਦੇਵ ਇਸ ਤੋਂ ਪਹਿਲਾਂ ਰਾਟਰਡੈਮ, ਦੋਹਾ ਅਤੇ ਦੁਬਈ ਵਿੱਚ ਚੈਂਪੀਅਨ ਬਣਿਆ ਹੈ। ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਕੋਕੋ ਗਾਫ਼ ਅਤੇ ਜੈਸਿਕਾ ਪੇਗੁਲਾ ਦੀ ਜੋੜੀ ਨੇ ਲੇਯਲਾ ਫਰਨਾਂਡੇਜ਼ ਅਤੇ ਟੇਲਰ ਟਾਊਨਸੈਂਡ ਨੂੰ 7-6, 6-2 ਨਾਲ ਹਰਾਇਆ। -ਏਪੀ