ਦੁਬਈ: ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਵੱਲੋਂ ਅੱਜ ਜਾਰੀ ਇਕ ਰੋਜ਼ਾ ਖਿਡਾਰੀਆਂ ਦੀ ਦਰਜਾਬੰਦੀ ‘ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼ਰਮਾ ਵੀ ਸਿਖਰਲੇ 10 ਖਿਡਾਰੀਆਂ ਵਿੱਚ ਸ਼ਾਮਲ ਹਨ। ਦਰਜਾਬੰਦੀ ਵਿੱਚ ਕੋਹਲੀ 7ਵੇਂ ਅਤੇ ਰੋਹਿਤ 8ਵੇਂ ਸਥਾਨ ‘ਤੇ ਹੈ। ਬੱਲੇਬਾਜ਼ਾਂ ਵਿੱਚੋਂ ਪਾਕਿਸਤਾਨ ਦਾ ਬਾਬਰ ਆਜ਼ਮ ਪਹਿਲੇ ਸਥਾਨ ਉਤੇ ਕਾਬਜ਼ ਹੈ। ਦੂਜੇ ਪਾਸੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਿਖਰਲੇ 10 ਗੇਂਦਬਾਜ਼ਾਂ ਵਿੱਚ ਬਰਕਰਾਰ ਹੈ ਤੇ ਪਹਿਲੇ ਦਸਾਂ ਵਿੱਚ ਉਹ ਇਕਲੌਤਾ ਭਾਰਤੀ ਹੈ। ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਪਹਿਲੇ, ਨਿਊਜ਼ੀਲੈਂਡ ਦਾ ਟਰੈਂਟ ਬੋਲਟ ਦੂਜੇ ਅਤੇ ਭਾਰਤ ਦਾ ਮੁਹੰਮਦ ਸਿਰਾਜ ਤੀਜੇ ਸਥਾਨ ‘ਤੇ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਦੱਖਣੀ ਅਫਰੀਕਾ ਦਾ ਐਡਨ ਮਾਰਕਰਾਮ 13 ਸਥਾਨਾਂ ਦੇ ਫਾਇਦੇ ਨਾਲ 41ਵੇਂ ਸਥਾਨ ‘ਤੇ ਜਦਕਿ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ 16 ਸਥਾਨਾਂ ਦੇ ਫਾਇਦੇ ਨਾਲ 32ਵੇਂ ਸਥਾਨ ‘ਤੇ ਆ ਗਿਆ ਹੈ। ਇਸੇ ਦੌਰਾਨ ਟੀ-20 ਖਿਡਾਰੀਆਂ ਦੀ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਵਿੱਚ ਭਾਰਤ ਦਾ ਸੂਰਿਆਕੁਮਾਰ ਯਾਦਵ ਸਿਖਰ ‘ਤੇ ਜਦਕਿ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਹਾਰਦਿਕ ਪਾਂਡਿਆ ਦੂਜੇ ਸਥਾਨ ਬਰਕਰਾਰ ਹੈ। ਬੰਗਲਾਦੇਸ਼ ਦਾ ਬੱਲੇਬਾਜ਼ ਇੱਕ ਸਥਾਨ ਦੇ ਫਾਇਦੇ ਨਾਲ 21ਵੇਂ ਸਥਾਨ ‘ਤੇ ਆ ਗਿਆ ਹੈ। ਗੇਂਦਬਾਜ਼ਾਂ ਵਿਚੋਂ ਮਹੀਸ਼ ਤੀਕਸ਼ਣ ਤਿੰਨ ਸਥਾਨਾਂ ਦੇ ਫਾਇਦੇ ਨਾਲ 10ਵੇਂ ਜਦਕਿ ਬੰਗਲਾਦੇਸ਼ ਦਾ ਤਸਕੀਨ ਅਹਿਮਦ ਤਿੰਨ ਸਥਾਨਾਂ ਦੇ ਫਾਇਦੇ ਨਾਲ 36ਵੇਂ ਸਥਾਨ ‘ਤੇ ਆ ਗਿਆ ਹੈ। -ਪੀਟੀਆਈ