ਹੈਦਰਾਬਾਦ, 2 ਅਪਰੈਲ
ਰਾਜਸਥਾਨ ਰੌਇਲਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕਪਾਸੜ ਮੁਕਾਬਲੇ ਵਿੱਚ ਮੇਜ਼ਬਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 72 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਰਾਜਸਥਾਨ ਦੀ ਟੀਮ ਨੇ ਸਲਾਮੀ ਬੱਲੇਬਾਜ਼ਾਂ ਜੋਸ ਬਟਲਰ (54) ਤੇ ਯਸ਼ਸਵੀ ਜੈਸਵਾਲ (54) ਅਤੇ ਕਪਤਾਨ ਸੰਜੂ ਸੈਮਸਨ(55) ਦੇ ਨੀਮ ਸੈਂਕੜਿਆਂ ਦੀ ਬਦੌਲਤ ਅੱਜ ਇਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 203 ਦੌੜਾਂ ਬਣਾਈਆਂ। ਮਗਰੋਂ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਵੀ ਕਮਾਲ ਵਿਖਾਇਆ। ਟਰੈਂਟ ਬੋਲਟ ਨੇ ਚਾਰ ਓਵਰਾਂ ਵਿੱਚ 21 ਦੌੜਾਂ ਬਦਲੇ ਦੋ ਅਤੇ ਯੁਜ਼ਵੇਂਦਰ ਚਾਹਲ ਨੇ 17 ਦੌੜਾਂ ਬਦਲੇ ਚਾਰ ਵਿਕਟ ਲਏ। ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਬਦਲੇ 131 ਦੌੜਾਂ ਹੀ ਬਣਾ ਸਕੀ। ਮੇਜ਼ਬਾਨ ਟੀਮ ਲਈ ਮਯੰਕ ਅਗਰਵਾਲ ਤਿੰਨ ਚੌਕਿਆਂ ਦੀ ਮਦਦ ਨਾਲ 23 ਗੇਂਦਾਂ ‘ਤੇ 27 ਦੌੜਾਂ ਨਾਲ ਟੌਪ ਸਕੋਰਰ ਰਿਹਾ। ਆਈਪੀਐੱਲ ‘ਚ ਪਹਿਲਾ ਮੈਚ ਖੇਡ ਰਹੇ ਹੈਰੀ ਬਰੂਕ ਨੇ 13 ਦੌੜਾਂ ਬਣਾਈਆਂ। -ਪੀਟੀਆਈ
ਮੈਚ ਦੌਰਾਨ ਸੀਏਏ ਅਤੇ ਐੱਨਆਰਸੀ ਖ਼ਿਲਾਫ਼ ਬੈਨਰਾਂ ‘ਤੇ ਪਾਬੰਦੀ
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਇੱਕ ਵਿਸ਼ੇਸ਼ ਸਲਾਹ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਦਿੱਲੀ, ਮੁਹਾਲੀ, ਹੈਦਰਾਬਾਦ ਅਤੇ ਅਹਿਮਦਾਬਾਦ ਚਾਰ ਸ਼ਹਿਰਾਂ ਵਿੱਚ ਸੀਏਏ ਅਤੇ ਐੱਨਆਰਸੀ ਖ਼ਿਲਾਫ਼ ਰੋਸ ਜਤਾਉਂਦੇ ਬੈਨਰ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਚੇਨੱਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼, ਗੁਜਰਾਤ ਟਾਈਟਨਜ਼, ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੇ ਟਿਕਟ ਭਾਈਵਾਲ ‘ਪੇਅਟੀਐੱਮ ਇਨਸਾਈਡਰ’ ਨੇ ਕੁੱਝ ‘ਪਾਬੰਦੀਸ਼ੁਦਾ ਵਸਤਾਂ’ ਦੀ ਸੂਚੀ ਜਾਰੀ ਕੀਤੀ ਹੈ ਅਤੇ ਇਸ ਵਿੱਚ ਸੀਏਏ/ਐੱਨਆਰਸੀ ਵਿਰੋਧ ਨਾਲ ਸਬੰਧਤ ਬੈਨਰ ਵੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅਡਵਾਈਜ਼ਰੀ ਟਿਕਟ ਕਾਰੋਬਾਰ ਨੂੰ ਸੰਭਾਲਣ ਵਾਲੀ ਕੰਪਨੀ ਵੱਲੋਂ ਜਾਰੀ ਕੀਤੀ ਗਈ ਹੈ। ਆਮ ਤੌਰ ‘ਤੇ ਅਜਿਹੀ ਐਡਵਾਈਜ਼ਰੀ ਭਾਰਤੀ ਕ੍ਰਿਕਟ ਬੋਰਡ ਨਾਲ ਸਲਾਹ ਮਗਰੋਂ ਜਾਰੀ ਕੀਤੀ ਜਾਂਦੀ ਹੈ ਕਿਉਂਕਿ ਖੇਡ ਮੁਕਾਬਲਾ ਕਿਸੇ ਵੀ ਸੰਵੇਦਨਸ਼ੀਲ ਰਾਜਨੀਤਕ ਜਾਂ ਨੀਤੀਗਤ ਮੁੱਦਿਆਂ ਦੇ ਪ੍ਰਚਾਰ ਦੀ ਆਗਿਆ ਨਹੀਂ ਦਿੰਦਾ, ਹਾਲਾਂਕਿ ਬੀਸੀਸੀਆਈ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। -ਪੀਟੀਆਈ