ਮੁੰਬਈ, 9 ਅਪਰੈਲ
ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਅੱਜ ਕਿਹਾ ਕਿ ”ਇੱਕਜੁਟ ਵਿਰੋਧੀ ਧਿਰ’ ਮਹਿਸੂਸ ਕਰਦੀ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਪਾਰਟੀ (ਸ਼ਿਵ ਸੈਨਾ) ਅਜਿਹੀ ਮੰਗ ਦੇ ਸਮਰਥਨ ਵਿੱਚ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਉਹ ਜਾਂਚ ਦੀ ਪ੍ਰਕਿਰਤੀ ਨੂੰ ਲੈ ਕੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦਰਮਿਆਨ ਮਤਭੇਦਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਉਨ੍ਹਾਂ ਕਿਹਾ, ”ਇਕਜੁੱਟ ਵਿਰੋਧੀ ਧਿਰ ਮਹਿਸੂਸ ਕਰਦੀ ਹੈ ਕਿ ਅਡਾਨੀ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਸ਼ਿਵ ਸੈਨਾ (ਯੂਬੀਟੀ) ਇਸ (ਵਿਰੋਧੀ ਧਿਰ) ਦਾ ਹਿੱਸਾ ਹੈ।” ਰਾਜ ਸਭਾ ਮੈਂਬਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਜਾਂਚ ਕਮੇਟੀ ਅਤੇ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਵੱਲੋਂ ਮਿਲ ਕੇ ਜਾਂਚ ਕੀਤੀ ਜਾ ਸਕਦੀ ਹੈ। ਰਾਊਤ ਨੇ ਕਿਹਾ, ”ਉਦਯੋਗਪਤੀਆਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ, ਪਰ ਭ੍ਰਿਸ਼ਟਾਚਾਰ ਨਹੀਂ।” -ਪੀਟੀਆਈ