ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਪੀਐੱਲ ਵਿੱਚ ਹਾਲੇ ਤੱਕ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਟੀ-20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ ‘ਤੇ ਬਰਕਰਾਰ ਹੈ। ਸੂਰਿਆਕੁਮਾਰ 906 ਅੰਕਾਂ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (811 ਅੰਕ) ਦੂਜੇ, ਕਪਤਾਨ ਬਾਬਰ ਆਜ਼ਮ (755 ਅੰਕ) ਤੀਜੇ, ਦੱਖਣੀ ਅਫ਼ਰੀਕਾ ਦਾ ਏਡੇਨ ਮਾਰਕਰਮ (748 ਅੰਕ) ਚੌਥੇ ਅਤੇ ਨਿਊਜ਼ੀਲੈਂਡ ਦਾ ਡੇਵੋਨ ਕਾਨਵੇ (745 ਅੰਕ) ਪੰਜਵੇਂ ਸਥਾਨ ‘ਤੇ ਹੈ। ਇਸੇ ਤਰ੍ਹਾਂ ਵਿਰਾਟ ਕੋਹਲੀ ਨੇ ਵੀ ਆਪਣਾ 15ਵਾਂ ਸਥਾਨ ਬਰਕਰਾਰ ਰੱਖਿਆ। ਬਾਬਰ ਨੂੰ ਸ਼ਨਿਚਰਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਪਾਕਿਸਤਾਨ ਦੀ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਸੂਰਿਆਕੁਮਾਰ ਦੇ ਨੇੜੇ ਆਉਣ ਦਾ ਮੌਕਾ ਮਿਲੇਗਾ। ਗੇਂਦਬਾਜ਼ਾਂ ਦੀ ਸੂਚੀ ਵਿੱਚ ਅਫਗਾਨਿਸਤਾਨ ਦਾ ਸਪਿੰਨਰ ਰਾਸ਼ਿਦ ਖਾਨ ਹਮਵਤਨ ਫਜ਼ਲਹੱਕ ਫਾਰੂਕੀ, ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਅਤੇ ਸ੍ਰੀਲੰਕਾ ਦੇ ਵਨਿੰਦੂ ਹਸਾਰੰਗਾ ਤੋਂ ਅੱਗੇ ਪਹਿਲੇ ਸਥਾਨ ‘ਤੇ ਚੱਲ ਰਿਹਾ ਹੈ। ਸਿਖਰਲੇ 10 ਗੇਂਦਬਾਜ਼ਾਂ ਦੀ ਸੂਚੀ ਵਿੱਚ ਭਾਰਤ ਦਾ ਕੋਈ ਵੀ ਖਿਡਾਰੀ ਸ਼ਾਮਲ ਨਹੀਂ ਹੈ। -ਪੀਟੀਆਈ