ਪੱਤਰ ਪ੍ਰੇਰਕ
ਪਟਿਆਲਾ, 16 ਅਪਰੈਲ
ਪਟਿਆਲਾ ਰੇਲ ਇੰਜਣ ਵਰਕਸ਼ਾਪ ਸਪੋਰਟਸ ਐਸੋਸੀਏਸ਼ਨ ਵੱਲੋਂ 33ਵੀਂ ਆਲ ਇੰਡੀਆ ਰੇਲਵੇ ਕ੍ਰਿਕਟ (ਮਹਿਲਾ) ਚੈਂਪੀਅਨਸ਼ਿਪ 2022-23 ਦੀ ਟਰਾਫ਼ੀ ਤੇ ਉੱਤਰੀ ਰੇਲਵੇ ਦੀ ਟੀਮ ਨੇ ਕਬਜ਼ਾ ਕਰ ਲਿਆ ਹੈ। ਉੱਤਰੀ ਰੇਲਵੇ ਨੇ 20 ਸਾਲ ਬਾਅਦ ਇਹ ਟਰਾਫ਼ੀ ਜਿੱਤੀ।
ਚੈਂਪੀਅਨਸ਼ਿਪ ਦਾ ਆਯੋਜਨ ਪਟਿਆਲਾ ਲੋਕੋਮੋਟਿਵ ਰੇਲਵੇ ਵਰਕਸ਼ਾਪ (ਪੀਐਲਡਬਲਿਊ) ਦੇ ਕ੍ਰਿਕਟ ਸਟੇਡੀਅਮ ਵਿਖੇ ਕੀਤਾ ਗਿਆ। ਚੈਂਪੀਅਨਸ਼ਿਪ ਵਿੱਚ ਭਾਰਤੀ ਰੇਲਵੇ ਦੇ ਵੱਖ-ਵੱਖ ਵਿਭਾਗਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਾਬਕਾ ਭਾਰਤੀ ਕਪਤਾਨ ਮਿਤਾਲੀ ਦੋਰਾਈ ਰਾਜ ਸਮੇਤ ਲਗਪਗ 11 ਨਾਮਵਰ ਮਹਿਲਾ ਅੰਤਰਰਾਸ਼ਟਰੀ ਪੱਧਰ ਦੀਆਂ ਕ੍ਰਿਕਟਰਾਂ ਨੇ ਵੀ ਭਾਗ ਲਿਆ। ਐਨ.ਆਰ (ਉੱਤਰੀ ਰੇਲਵੇ) ਅਤੇ ਐਨ.ਸੀ.ਆਰ. (ਉੱਤਰੀ ਮੱਧ ਰੇਲਵੇ) ਵਿਚਕਾਰ ਫਾਈਨਲ ਮੈਚ ਦੌਰਾਨ ਸੀ ਐਨ.ਸੀ.ਆਰ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 195 ਦੌੜਾਂ ਬਣਾਈਆਂ ਅਤੇ ਐਨ.ਆਰ. ਨੇ 44.5 ਓਵਰਾਂ ‘ਚ 8 ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਐਨ, ਆਰ. ਨੇ 2 ਵਿਕਟਾਂ ਨਾਲ ਟਰਾਫ਼ੀ ਜਿੱਤੀ। ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਅਸ਼ੋਕ ਕੁਮਾਰ, ਪ੍ਰਿੰਸੀਪਲ ਮੁੱਖ ਪ੍ਰਬੰਧਕੀ ਅਫ਼ਸਰ, ਪਟਿਆਲਾ ਲੋਕੋਮੋਟਿਵ ਵਰਕਸ, ਪਟਿਆਲਾ, ਐਨ.ਆਰ. ਜੇਤੂ ਟੀਮ ਅਤੇ ਉਪ ਜੇਤੂ ਟਰਾਫ਼ੀ ਐਨ.ਸੀ.ਆਰ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਵਧੀਆ ਖਿਡਾਰੀਆਂ ਨੂੰ ਟਰਾਫ਼ੀ ਵੀ ਦਿੱਤੀ।