ਸਤਵਿੰਦਰ ਬਸਰਾ
ਲੁਧਿਆਣਾ, 20 ਅਪਰੈਲ
ਪੀ.ਏ.ਯੂ. ਦੇ ਖੇਡ ਸਟੇਡੀਅਮ ਵਿੱਚ ਅੱਜ ਪੀਏਯੂ ਦੀ 56ਵੀਂ ਅਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਨ੍ਹਾਂ ਖੇਡਾਂ ਵਿੱਚ ਪੀਏਯੂ ਦੇ ਪੰਜ ਕਾਲਜਾਂ ਅਤੇ ਦੋ ਬਾਹਰੀ ਸੰਸਥਾਵਾਂ ਦੇ ਖਿਡਾਰੀ ਟਰੈਕ ਐਂਡ ਫੀਲਡ ਈਵੈਂਟਸ ਵਿੱਚ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਹਨ।
ਉਦਘਾਟਨੀ ਭਾਸ਼ਣ ਵਿੱਚ ਸ੍ਰੀ ਹੇਅਰ ਨੇ ਕਿਹਾ ਕਿ ਖੇਡਾਂ ਨਾਲ ਵਿਅਕਤੀ ਦੀ ਸ਼ਖ਼ਸੀਅਤ, ਸਰੀਰਕ, ਮਾਨਸਿਕ ਅਤੇ ਬੌਧਿਕ ਪਰਿਪੱਕਤਾ ਪ੍ਰਾਪਤ ਹੁੰਦੀ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਕੋਲ ਠੋਸ ਖੇਡ ਬੁਨਿਆਦੀ ਢਾਂਚਾ ਹੈ ਅਤੇ ਖਿਡਾਰੀਆਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੇਡ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਟੀਮ ਨੂੰ ਅਥਲੈਟਿਕ ਮੀਟ ਦੇ ਕਾਮਯਾਬ ਪ੍ਰਬੰਧਾਂ ਲਈ ਵਧਾਈ ਦਿੱਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਅੰਤਰ-ਵਰਸਿਟੀ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਹਾਸਲ ਕੀਤੀਆਂ ਸ਼ਾਨਦਾਰ ਜਿੱਤਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਹੋਣ ਦੇ ਬਾਵਜੂਦ ਖੇਡਾਂ ਦੇ ਖੇਤਰ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਇਸ ਮੌਕੇ ਹਾਕੀ ਕੋਚ ਹਰਿੰਦਰ ਸਿੰਘ ਭੁੱਲਰ, ਐਥਲੈਟਿਕਸ ਕੋਚ ਕਿਰਪਾਲ ਸਿੰਘ ਕਾਹਲੋ (ਬਾਈ ਜੀ), ਐਥਲੈਟਿਕਸ ਕੋਚ ਹਰਭਜਨ ਸਿੰਘ ਗਰੇਵਾਲ ਅਤੇ ਵਾਲੀਵਾਲ ਕੋਚ ਗੁਰਚਰਨ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਡਾ. ਵਿਸ਼ਾਲ ਬੈਕਟਰ ਨੇ ਸਮਾਰੋਹ ਦਾ ਸੰਚਾਲਨ ਕੀਤਾ। ਖੇਡਾਂ ਦੌਰਾਨ ਮਰਦਾਂ ਦੀ ਉੱਚੀ ਛਾਲ ਦੇ ਮੁਕਾਬਲੇ ਵਿੱਚ ਹਰਵਿੰਦਰ ਸਿੰਘ, ਤੀਹਰੀ ਛਾਲ ਵਿੱਚੋਂ ਸਾਹਿਲ, 100 ਮੀਟਰ ਦੌੜ ਵਿੱਚ ਹਰਸ਼ਾਨ ਸਿੰਘ, 110 ਮੀਟਰ ਅੜਿੱਕਾ ਦੌੜ ਅਤੇ 400 ਮੀਟਰ ਅੜਿੱਕਾ ਦੌੜ ਵਿੱਚ ਅਰਸ਼ਦੀਪ ਸਿੰਘ, 1500 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਸੰਧੂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਲੜਕੀਆਂ ਦੀ 1500 ਮੀਟਰ ਦੌੜ ਵਿੱਚ ਹਰਮੀਤ ਕੌਰ, ਜੈਵਲਿਨ ਥਰੋ ਵਿੱਚੋਂ ਸੁਸ਼ੀਲ ਗਰੇਵਾਲ, ਉੱਚੀ ਛਾਲ ਵਿੱਚ ਹਰਲੀਨ ਕੌਰ, ਸ਼ਾਟਪੁਟ ਵਿੱਚ ਜਸਲੀਨ ਕੌਰ, 100 ਮੀਟਰ ਦੌੜ ਵਿੱਚ ਹਰਲੀਨ ਕੌਰ ਅਤੇ 800 ਮੀਟਰ ਦੌੜ ਵਿੱਚ ਹਰਮੀਤ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।