ਜਲੰਧਰ: ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਸ਼ਰਤ ਕਮਲ ਅਤੇ ਮਨਿਕਾ ਬੱਤਰਾ 20 ਤੋਂ 28 ਮਈ ਤੱਕ ਡਰਬਨ ਵਿੱਚ ਹੋਣ ਵਾਲੀ 2023 ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 11 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ। ਟੀਮ ਵਿੱਚ ਪੰਜ ਪੁਰਸ਼ ਅਤੇ ਛੇ ਮਹਿਲਾ ਖਿਡਾਰੀ ਸ਼ਾਮਲ ਹਨ। 1939 ਵਿੱਚ ਮਿਸਰ ਤੋਂ ਬਾਅਦ ਪਹਿਲੀ ਵਾਰ ਕੋਈ ਅਫਰੀਕੀ ਦੇਸ਼ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ (ਟੀਟੀਐੱਫਆਈ) ਦੀ ਚੋਣ ਕਮੇਟੀ ਵੱਲੋਂ ਐਲਾਨੀ ਗਈ ਪੁਰਸ਼ ਟੀਮ ਵਿੱਚ ਜੀ. ਸਾਥੀਅਨ, ਏ ਸ਼ਰਤ ਕਮਲ, ਮਾਨੁਸ਼ ਸ਼ਾਹ, ਹਰਮੀਤ ਦੇਸਾਈ ਅਤੇ ਮਾਨਵ ਠੱਕਰ ਸ਼ਾਮਲ ਹਨ। ਮਹਿਲਾ ਟੀਮ ਵਿੱਚ ਮਨਿਕਾ ਬੱਤਰਾ, ਸ਼੍ਰਿਜਾ ਅਕੁਲਾ, ਸੁਤਿਰਥਾ ਮੁਖਰਜੀ, ਰੀਥ, ਅਰਚਨਾ ਕਾਮਥ ਅਤੇ ਦੀਆ ਚਿਤਾਲੇ ਸ਼ਾਮਲ ਹਨ। ਸਾਥੀਆਨ, ਸ਼ਰਤ, ਮਾਨੁਸ਼ ਅਤੇ ਹਰਮੀਤ ਪੁਰਸ਼ ਸਿੰਗਲਜ਼ ਅਤੇ ਡਬਲਜ਼ ਵਿੱਚ ਖੇਡਣਗੇ। ਪੁਰਸ਼ ਡਬਲਜ਼ ਵਿੱਚ ਸਾਥੀਆਨ ਦੀ ਜੋੜੀ ਸ਼ਰਤ ਨਾਲ ਅਤੇ ਮਾਨੁਸ਼ ਦੀ ਜੋੜੀ ਹਰਮੀਤ ਨਾਲ ਬਣੇਗੀ। -ਪੀਟੀਆਈ