ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਅਗਾਮੀ ਏਸ਼ਿਆਈ ਖੇਡਾਂ ਲਈ ਟੀਮ ਦੀ ਚੋਣ ਕਰਨ ਵਾਸਤੇ 4 ਤੋਂ 7 ਮਈ ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਖੇਡਾਂ ਪਿਛਲੇ ਸਾਲ ਸਤੰਬਰ ਵਿੱਚ ਕਰਵਾਈਆਂ ਜਾਣੀਆਂ ਸਨ ਪਰ ਹੁਣ ਇਹ ਚੀਨ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ। ਬੀਏਆਈ ਅਨੁਸਾਰ ਟਰਾਇਲ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ, ਤੇਲੰਗਾਨਾ ਵਿੱਚ ਕਰਵਾਏ ਜਾਣਗੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ, ਐੱਚਐੱਸ ਪ੍ਰਣੌਏ, ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਨੂੰ ਪੁਰਸ਼ ਡਬਲਜ਼ ਵਿੱਚ ਅਤੇ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੂੰ 18 ਅਪਰੈਲ ਨੂੰ ਜਾਰੀ ਬੀਡਬਲਿਊਐੱਫ ਦਰਜਾਬੰਦੀ ਵਿੱਚ ਸਿਖਰਲੇ 20 ਵਿੱਚ ਸ਼ਾਮਲ ਹੋਣ ਕਰਕੇ ਟੀਮ ਵਿੱਚ ਸਿੱਧੀ ਜਗ੍ਹਾ ਮਿਲੀ ਹੈ। ਕਿਦਾਂਬੀ ਸ੍ਰੀਕਾਂਤ, ਲਕਸ਼ੈ ਸੇਨ, ਪ੍ਰਿਯਾਂਸ਼ੂ ਰਜਾਵਤ, ਮਿਥੁਨ ਮੰਜੂਨਾਥ ਅਤੇ ਬੀ ਸਾਈ ਪ੍ਰਣੀਤ ਉਨ੍ਹਾਂ ਨੌਂ ਖਿਡਾਰੀਆਂ ਵਿੱਚ ਸ਼ਾਮਲ ਹਨ ਜੋ ਪੁਰਸ਼ ਸਿੰਗਲਜ਼ ਲਈ ਟ੍ਰਾਇਲ ਵਿੱਚ ਚੁਣੌਤੀ ਪੇਸ਼ ਕਰਨਗੇ। -ਪੀਟੀਆਈ