ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 28 ਅਪਰੈਲ
ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਪੀਸੀਏ ਸਟੇਡੀਅਮ ਵਿੱੱਚ ਖੇਡੇ ਆਈਪੀਐੱਲ ਮੈਚ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਗੁਆ ਕੇ 258 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਪੂਰੀ ਟੀਮ 201 ਦੌੜਾਂ ‘ਤੇ ਆਊਟ ਹੋ ਗਈ। ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਸਿਖ਼ਰ ਧਵਨ ਇੱਕ ਦੌੜ ਬਣਾ ਕੇ ਆਊਟ ਹੋ ਗਿਆ, ਜਦੋਂਕਿ ਪ੍ਰਭਸਿਮਰਨ ਵੀ ਨੌਂ ਦੌੜਾਂ ਹੀ ਬਣਾ ਸਕਿਆ। ਅਥਰਵਾ ਟੈਡੇ ਅਤੇ ਸਿਕੰਦਰ ਰਾਜਾ ਨੇ ਤੇਜ਼ ਤਰਾਰ ਪਾਰੀ ਖੇਡਦਿਆਂ ਕ੍ਰਮਵਾਰ 66 ਦੌੜਾਂ ਅਤੇ 36 ਦੌੜਾਂ ਬਣਾਈਆਂ। ਲਖਨਊ ਲਈ ਯਸ਼ ਠਾਕੁਰ ਨੇ ਚਾਰ, ਨਵੀਨ-ਉਲ-ਹੱਕ ਨੇ ਤਿੰਨ, ਰਵੀ ਬਿਸ਼ਨੋਈ ਨੇ ਦੋ ਅਤੇ ਸਟੋਈਨਿਸ ਨੇ ਇੱਕ ਵਿਕਟ ਹਾਸਲ ਕੀਤੀ।
ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਲਖਨਊ ਸੁਪਰ ਜਾਇੰਟਸ ਨੇ ਮੁਹਾਲੀ ਵਿੱਚ ਅੱਜ ਕਈ ਨਵੇਂ ਰਿਕਾਰਡ ਬਣਾਏ। ਉਨ੍ਹਾਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐੱਲ ਦੇ 2008 ਸੀਜ਼ਨ ਵਿੱਚ ਚੇਨੱਈ ਸੁਪਰ ਕਿੰਗਜ਼ ਵੱਲੋਂ ਬਣਾਏ 240 ਦੇ ਸਕੋਰ ਵੱਧ ਰਿਕਾਰਡ ਨੂੰ ਤੋੜ ਦਿੱਤਾ ਅਤੇ 257 ਦੌੜਾਂ ਬਣਾਈਆਂ। ਲਖਨਊ ਨੇ 257 ਦੌੜਾਂ ਬਣਾ ਕੇ ਆਈਪੀਐਲ ਦੇ ਚਾਲੂ ਸੀਜ਼ਨ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ। ਲਖਨਊ ਦੀ ਟੀਮ ਵੱਲੋਂ ਬਣਾਇਆ ਗਿਆ 257 ਦਾ ਸਕੋਰ ਆਈਪੀਐਲ ਦੇ ਹੁਣ ਤੱਕ ਦੇ ਸਮੁੱਚੇ ਸੀਜ਼ਨਾਂ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2013 ਵਿੱਚ ਕਲਕੱਤਾ ਦੇ ਈਡਨ ਗਾਰਡਨ ਵਿੱਚ ਰੌਇਲ ਚੈਲੇਂਜਰਜ਼ ਦੀ ਟੀਮ ਵੱਲੋਂ 263 ਦੌੜਾਂ ਦਾ ਸਕੋਰ ਬਣਾ ਕੇ ਰਿਕਾਰਡ ਬਣਾਇਆ ਗਿਆ ਹੈ। ਤੀਹ ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਲਖਨਊ ਦੀ ਧੂਆਂਧਾਰ ਬੱਲੇਬਾਜ਼ੀ ਦਾ ਖੂਬ ਲੁਤਫ਼ ਉਠਾਇਆ।