ਮੈਡ੍ਰਿਡ: ਰੂਸ ਦੀ 15 ਸਾਲਾ ਮੀਰਾ ਆਂਦਰੀਵਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ‘ਚ ਇੱਕ ਹੋਰ ਜਿੱਤ ਦਰਜ ਕੀਤੀ ਹੈ ਜਦਕਿ ਪੁਰਸ਼ ਸਿੰਗਲਜ਼ ‘ਚ ਵਿਸ਼ਵ ਦੇ ਸਾਬਕਾ ਅੱਵਲ ਦਰਜਾ ਖਿਡਾਰੀ ਐਂਡੀ ਮੱਰੇ ਨੂੰ ਹਾਰ ਦਾ ਸਾਹਮਣਾ ਪਿਆ ਹੈ। ਅਮਰੀਕੀ ਓਪਨ ‘ਚ 2021 ਦੀ ਫਾਈਨਲਿਸਟ ਲੈਲਾ ਫਰਨਾਂਡੇਜ਼ ਨੂੰ ਹਰਾਉਣ ਤੋਂ ਇੱਕ ਦਿਨ ਬਾਅਦ ਆਂਦਰੀਵਾ 14ਵੀਂ ਰੈਂਕਿੰਗ ਦੀ ਬੀਟ੍ਰੀਜ਼ ਹੱਦਾਦ ਮਾਇਆ ਨੂੰ 7-6, 6-3 ਨਾਲ ਹਰਾ ਕੇ ਤੀਜੇ ਦੌਰ ‘ਚ ਪੁੱਜੀ। ਆਂਦਰੀਵਾ ਦਾ ਸਾਹਮਣਾ ਹੁਣ 19ਵੀਂ ਰੈਂਕਿੰਗ ਦੀ ਮੈਗਡਾ ਲਿਨੇਟ ਨਾਲ ਹੋਵੇਗਾ ਜਿਸ ਨੇ ਮਾਰਕੇਟਾ ਵੋਂਦਰੋਸੋਵਾ ਨੂੰ 7-6, 4-6, 6-4 ਨਾਲ ਹਰਾਇਆ। ਇਸੇ ਦੌਰਾਨ ਪੁਰਸ਼ ਸਿੰਗਲਜ਼ ‘ਚ ਮੈਡਰਿਡ ਓਪਨ ‘ਚ ਦੋ ਵਾਰ ਦਾ ਚੈਂਪੀਅਨ ਐਂਡੀ ਮੱਰੇ ਕੁਆਲੀਫਾਇਰ ਆਂਦਰੀਆ ਵਾਵਾਸੋਰੀ ਤੋਂ ਸਿੱਧੇ ਸੈੱਟਾਂ ‘ਚ 6-2, 7-6 ਨਾਲ ਹਾਰ ਗਿਆ। -ਏਪੀ