12.4 C
Alba Iulia
Thursday, May 2, 2024

ਲਗਾਤਾਰ ਚਾਰ ਓਲੰਪਿਕਸ ਦਾ ਜੇਤੂ ਅਲਫਰੈੱਡ ਓਰਟਰ

Must Read


ਪ੍ਰਿੰ. ਸਰਵਣ ਸਿੰਘ

ਅਮਰੀਕਾ ਦਾ ਅਥਲੀਟ ਅਲਫਰੈੱਡ ਓਰਟਰ ਡਿਸਕਸ ਥਰੋਅ ਦਾ ਲਾਸਾਨੀ ਸੁਟਾਵਾ ਸੀ। ਅਜਿਹੇ ਅਫ਼ਲਾਤੂਨ ਨਿੱਤ-ਨਿੱਤ ਨਹੀਂ ਜੰਮਦੇ। ਉਸ ਨੇ ਮੈਲਬੋਰਨ-56, ਰੋਮ-60, ਟੋਕੀਓ-64 ਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ਵਿੱਚੋਂ ਡਿਸਕਸ ਥਰੋਅ ਦੇ ਲਗਾਤਾਰ ਚਾਰ ਗੋਲਡ ਮੈਡਲ ਜਿੱਤੇ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ। ਇਹ ਮਨੁੱਖੀ ਜੁੱਸੇ ਦਾ ਕਮਾਲ ਸੀ ਜਿਸ ‘ਤੇ ਮੈਡੀਕਲ ਖੋਜ ਕੀਤੀ ਜਾਣੀ ਬਣਦੀ ਹੈ। ਬੇਸ਼ਕ ਹਰੇਕ ਓਲੰਪਿਕਸ ਵਿਚ ਉਸ ਨਾਲੋਂ ਬਿਹਤਰ ਡਿਸਕਸ ਸੁਟਾਵੇ ਹੁੰਦੇ ਅਤੇ ਲੋਕ ਸਮਝਦੇ ਕਿ ਐਤਕੀਂ ਅਲ ਓਰਟਰ ਗੋਲਡ ਮੈਡਲ ਨਹੀਂ ਜਿੱਤ ਸਕੇਗਾ ਪਰ ਉਹ ਹਰ ਵਾਰ ਓਲੰਪਿਕ ਚੈਂਪੀਅਨ ਬਣਦਾ ਤੇ ਬਣਦਾ ਵੀ ਨਵੇਂ ਓਲੰਪਿਕ ਰਿਕਾਰਡ ਨਾਲ! ਉਹ ਪਹਿਲਾ ਡਿਸਕਸ ਸੁਟਾਵਾ ਸੀ ਜਿਸ ਨੇ ਪਹਿਲੀ ਵਾਰ 200 ਫੁੱਟ ਤੋਂ ਦੂਰ ਡਿਸਕਸ ਸੁੱਟੀ। ਆਪਣੇ ਹਾਣੀਆਂ ਵਿਰੁੱਧ ਮੁਕਾਬਲੇ ਜਿੱਤਦਾ ਉਹ ਅਗਲੀ ਪੀੜ੍ਹੀ ਦੇ ਡਿਸਕਸ ਸੁਟਾਵਿਆਂ ਵਿਰੁੱਧ ਵੀ ਮੁਕਾਬਲੇ ਜਿੱਤਦਾ ਰਿਹਾ। 15 ਸਾਲ ਦੀ ਉਮਰ ਤੋਂ ਲੈ ਕੇ ਉਹ 43 ਸਾਲ ਤਕ ਨਵੇਂ ਤੋਂ ਨਵੇਂ ਰਿਕਾਰਡ ਰੱਖਦਾ ਗਿਆ। ਚਾਰ ਓਲੰਪਿਕ ਰਿਕਾਰਡਾਂ ਤੋਂ ਬਿਨਾਂ 4 ਵਾਰ ਨਵੇਂ ਵਿਸ਼ਵ ਰਿਕਾਰਡ ਵੀ ਰੱਖੇ।

ਉਸ ਨੇ 44ਵੇਂ ਸਾਲ ਦੀ ਉਮਰੇ 1980 ਵਿਚ ਆਫੀਸ਼ਲ ਤੌਰ ‘ਤੇ 227 ਫੁੱਟ 9 ਇੰਚ (69.46 ਮੀਟਰ) ਦੂਰ ਡਿਸਕਸ ਸੁੱਟੀ। ਪਰ 1983 ਵਿਚ ਇਕ ਇੰਟਰਵਿਊ ਦੌਰਾਨ ਜਦੋਂ ਉਹਦੀ ਵੀਡੀਓ ਬਣਾਈ ਜਾ ਰਹੀ ਸੀ ਤਾਂ ਉਹਦੀ ਇਕ ਥਰੋਅ 75 ਮੀਟਰ ਯਾਨੀ 245 ਫੁੱਟ ਦੂਰ ਜਾ ਡਿੱਗੀ ਜੋ ਅਨਆਫੀਸ਼ਲ ਤੌਰ ‘ਤੇ ਹਾਲੇ ਤਕ ਵੀ ਵਿਸ਼ਵ ਰਿਕਾਰਡ ਹੈ। ਉਸ ਨੂੰ ਪਛਤਾਵਾ ਹੋਇਆ, ਕਾਸ਼ ਉਹ ਥਰੋਅ ਕਿਸੇ ਮਾਨਤਾ ਪ੍ਰਾਪਤ ਮੁਕਾਬਲੇ ਵਿਚ ਸੁੱਟੀ ਹੁੰਦੀ!

ਇਹ ਸਤਰਾਂ ਲਿਖਦਿਆਂ ਮੈਨੂੰ ਯਾਦ ਆ ਗਈ 1960ਵਿਆਂ ‘ਚ ਦਿੱਲੀ ਦੇ ਰੇਲਵੇ ਸਟੇਡੀਅਮ ਵਿਚ ਹੋਏ ਗੋਲਾ ਸੁੱਟਣ ਦੇ ਮੁਕਾਬਲੇ ਦੀ, ਜਿਸ ਵਿਚ ਮੈਂ ਵੀ ਭਾਗ ਲਿਆ ਸੀ। ਉਥੇ ਏਸ਼ੀਆ ਦਾ ਮੈਡਲਿਸਟ ਦੀਨ ਸ਼ਾਹ ਇਰਾਨੀ ਸੌਖਿਆਂ ਹੀ ਚੈਂਪੀਅਨ ਬਣ ਗਿਆ ਸੀ ਪਰ ਉਹਦੀ ਥਰੋਅ ਨੈਸ਼ਨਲ ਰਿਕਾਰਡ ਤੋਂ ਮਾਮੂਲੀ ਪਿੱਛੇ ਰਹੀ। ਕੁਝ ਮਿੰਟਾਂ ਬਾਅਦ ਕਿਸੇ ਕੈਮਰਾਮੈਨ ਨੇ ਉਹਦੀ ਗੋਲਾ ਸੁੱਟਦੇ ਦੀ ਐਕਸ਼ਨ ਫੋਟੋ ਲੈਣੀ ਚਾਹੀ ਤਾਂ ਇਰਾਨੀ ਨੇ ਅਜਿਹੀ ਥਰੋਅ ਕੀਤੀ ਕਿ ਉਹਦੀ ਜੇਤੂ ਥਰੋਅ ਤੋਂ ਵੀ ਦੂਰ ਜਾ ਡਿੱਗੀ। ਜਦ ਮਿਣੀ ਤਾਂ ਉਹ ਏਸ਼ੀਆ ਦਾ ਨਵਾਂ ਰਿਕਾਰਡ ਸੀ! ਪਰ ਉਹ ਆਫੀਸ਼ਲ ਨਹੀਂ ਸੀ ਜੋ ਰਿਕਾਰਡ ਮੰਨੀ ਜਾ ਸਕਦੀ। ਅਜਿਹੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਕਿ ਕਈ ਖਿਡਾਰੀ ਪ੍ਰੈਕਟਿਸ ਕਰਦਿਆਂ ਬਿਹਤਰ ਕਾਰਗੁਜ਼ਾਰੀ ਵਿਖਾ ਜਾਂਦੇ ਹਨ ਜਦ ਕਿ ਅਸਲੀ ਮੁਕਾਬਲੇ ਵਿਚ ਨਹੀਂ ਵਿਖਾ ਸਕਦੇ। ਓਰਟਰ ਦੀ ਵਿਸ਼ੇਸ਼ ਸਿਫ਼ਤ ਸੀ ਕਿ ਉਹ ਪ੍ਰੈਕਟਿਸ ਨਾਲੋਂ ਓਲੰਪਿਕ ਖੇਡਾਂ ‘ਚ ਹਮੇਸ਼ਾ ਬਿਹਤਰ ਕਾਰਗੁਜ਼ਾਰੀ ਵਿਖਾ ਦਿੰਦਾ ਸੀ ਜਿਸ ਨਾਲ ਸਭ ਨੂੰ ਹੈਰਾਨੀ ਹੁੰਦੀ!

ਹੋਰ ਵੀ ਹੈਰਾਨੀ ਵਾਲੀ ਗੱਲ ਸੀ ਕਿ ਉਹ ਓਲੰਪਿਕ ਖੇਡਾਂ ਦੇ ਲਗਾਤਾਰ 7 ਗੋਲਡ ਮੈਡਲ ਜਿੱਤਣ ਦੀ ਸੰਭਾਵਨਾ ਰੱਖਦਾ ਸੀ ਜੇਕਰ ਮਿਊਨਿਖ-72, ਮੌਂਟਰੀਅਲ-76 ਤੇ ਮਾਸਕੋ-80 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲੈ ਲੈਂਦਾ! ਜਿਹੜਾ ਸੁਟਾਵਾ 44ਵੇਂ ਸਾਲ ਦੀ ਉਮਰ ਵਿਚ 69.46 ਮੀਟਰ (227 ਫੁੱਟ 9 ਇੰਚ) ਅਤੇ ਅਨਆਫੀਸ਼ਲ ਤੌਰ ‘ਤੇ 47ਵੇਂ ਸਾਲ ਦੀ ਉਮਰ ਵਿਚ 74.68 ਮੀਟਰ (245 ਫੁੱਟ) ਡਿਸਕਸ ਸੁੱਟ ਦੇਵੇ ਉਸ ਲਈ 7 ਗੋਲਡ ਮੈਡਲ ਜਿੱਤਣੇ ਦੂਰ ਦੀ ਕੌਡੀ ਨਹੀਂ ਸੀ। ਕਈ ਇਹ ਜਾਨਣ ਲਈ ਉਤਾਵਲੇ ਹੋਣਗੇ, ਫਿਰ ਉਸ ਨੇ 7 ਗੋਲਡ ਮੈਡਲ ਜਿੱਤੇ ਕਿਉਂ ਨਾ?

ਆਓ ਪਹਿਲਾਂ ਉਹਦੇ ਮੁੱਢਲੇ ਜੀਵਨ ‘ਤੇ ਝਾਤ ਮਾਰੀਏ। ਉਹਦਾ ਪੂਰਾ ਨਾਂ ਅਲਫਰੈੱਡ ਓਰਟਰ ਜੂਨੀਅਰ ਸੀ। ਉਹ 19 ਸਤੰਬਰ 1936 ਨੂੰ ਅਸਟੋਰੀਆ, ਕੁਈਨਜ਼, ਨਿਊਯਾਰਕ ਵਿਚ ਜੰਮਿਆ। ਉਹਦਾ ਬਚਪਨ ਨਿਊ ਹਾਈਡ ਪਾਰਕ ਵਿਚ ਖੇਡਦਿਆਂ ਮੱਲ੍ਹਦਿਆਂ ਬੀਤਿਆ। ਫਿਰ ਉਹ ਸੈਵਨਹਾਕਾ ਹਾਈ ਸਕੂਲ ਫਲੋਰਲ ਪਾਰਕ ਵਿਚ ਪੜ੍ਹਨ ਲੱਗਾ। ਜਦੋਂ ਪੰਦਰਾਂ ਸਾਲਾਂ ਦਾ ਹੋਇਆ ਤਾਂ ਇਕ ਦਿਨ ਪਾਰਕ ਵਿਚ ਕਿਸੇ ਡਿਸਕਸ ਸੁਟਾਵੇ ਦੀ ਸੁੱਟੀ ਡਿਸਕਸ ਉਹਦੇ ਪੈਰਾਂ ਕੋਲ ਆ ਡਿੱਗੀ। ਉਸ ਨੇ ਉਹੀ ਚੁੱਕ ਕੇ ਵਾਪਸ ਸੁੱਟੀ ਤਾਂ ਸੁੱਟਣ ਵਾਲੇ ਸੁਟਾਵੇ ਤੋਂ ਵੀ ਦੂਰ ਜਾ ਡਿੱਗੀ। ਉਸ ਤੋਂ ਪਹਿਲਾਂ ਉਸ ਨੇ ਕਦੇ ਡਿਸਕਸ ਨਹੀਂ ਸੀ ਸੁੱਟੀ। ਪਹਿਲਾਂ ਉਹ ਦੌੜਾਂ ਵਿਚ ਭਾਗ ਲੈਣ ਲੱਗਾ ਸੀ। ਫਿਰ ਕਦੇ ਫੁਟਬਾਲ ਖੇਡਣ ਤੇ ਕਦੇ ਵੇਟ ਲਿਫਟਿੰਗ ਕਰਨ ਲੱਗ ਪੈਂਦਾ। ਜਦ ਪਹਿਲੀ ਵਾਰ ਹੀ ਉਹਦੀ ਡਿਸਕਸ ਕਾਫੀ ਦੂਰ ਜਾ ਡਿੱਗੀ ਤਾਂ ਇਕ ਕੋਚ ਨੇ ਉਸ ਨੂੰ ਡਿਸਕਸ ਸੁੱਟਣ ਲਈ ਪ੍ਰੇਰ ਲਿਆ। ਉਸ ਨੂੰ ਟਰੈਕ ਐਂਡ ਫੀਲਡ ਦਾ ਵਜ਼ੀਫ਼ਾ ਦੁਆ ਦਿੱਤਾ ਤੇ ਉਹ 1954 ‘ਚ ਯੂਨੀਵਰਸਿਟੀ ਆਫ਼ ਕੰਸਾਸ ਵਿਚ ਦਾਖਲ ਹੋ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਉਹ ਅਗਲੇ ਚਾਰ ਸਾਲ ਨੈਸ਼ਨਲ ਚੈਂਪੀਅਨਸ਼ਿਪਾਂ ਜਿੱਤਦਾ ਰਿਹਾ। ਤਦ ਤਕ ਉਹਦਾ ਕੱਦ 6 ਫੁੱਟ 4 ਇੰਚ ਹੋ ਗਿਆ ਸੀ ਤੇ ਜੁੱਸੇ ਦਾ ਵਜ਼ਨ ਵੀ ਕੁਇੰਟਲ ਤੋਂ ਵਧ ਗਿਆ। ਉਹ ਅਜੇ ਵਿਦਿਆਰਥੀ ਹੀ ਸੀ ਕਿ ਮੈਲਬੋਰਨ-56 ਦੀਆਂ ਓਲੰਪਿਕ ਖੇਡਾਂ ਆ ਗਈਆਂ। ਯੂਨੀਵਰਸਿਟੀ ਨੇ ਉਹਦਾ ਨਾਂ ਟਰਾਇਲਾਂ ਲਈ ਭੇਜ ਦਿੱਤਾ। 20ਵੇਂ ਸਾਲ ਦੇ ਨਵੇਂ ਥਰੋਅਰ ਲਈ ਟਰਾਇਲਾਂ ਵਿਚ ਚੁਣੇ ਜਾਣ ਦੀ ਬਹੁਤੀ ਉਮੀਦ ਤਾਂ ਨਹੀਂ ਸੀ ਪਰ ਉਹ ਫਿਰ ਵੀ ਉਪਰਲੇ ਤਿੰਨ ਥਰੋਅਰਾਂ ਵਿਚ ਆ ਗਿਆ ਅਤੇ ਅਮਰੀਕਾ ਦੀ ਓਲੰਪਿਕ ਟੀਮ ਵਿਚ ਚੁਣਿਆ ਗਿਆ।

ਮੈਲਬੋਰਨ ਵਿਚ ਦਰਸ਼ਕਾਂ ਤੇ ਮੀਡੀਆ ਦਾ ਧਿਆਨ ਵਿਸ਼ਵ ਰਿਕਾਰਡ ਰੱਖਣ ਵਾਲੇ ਡਿਸਕਸ ਸੁਟਾਵੇ ਫਾਰਚੂਨ ਗੋਰਡੀਅਨ ਵੱਲ ਸੀ ਕਿ ਗੋਲਡ ਮੈਡਲ ਉਹੀ ਜਿੱਤੇਗਾ। ਪਰ ਹੋਇਆ ਉਲਟ ਪੁਲਟ। ਕਾਲਜੀਏਟ ਓਰਟਰ ਨੇ 184 ਫੁੱਟ 10 ਇੰਚ (56.64 ਮੀਟਰ) ਦੂਰ ਡਿਸਕਸ ਸੁੱਟ ਕੇ ਗੋਲਡ ਮੈਡਲ ਜਿੱਤ ਲਿਆ ਅਤੇ ਓਲੰਪਿਕ ਤੇ ਵਿਸ਼ਵ ਰਿਕਾਰਡ ਵੀ ਤੋੜ ਦਿੱਤੇ। ਇੰਜ ਹੀ ਰੋਮ-1960 ਦੀਆਂ ਓਲੰਪਿਕ ਖੇਡਾਂ ਵਿਚ ਹੋਇਆ। ਉਥੇ ਉਹ ਤੱਤਕਾਲੀ ਵਿਸ਼ਵ ਚੈਂਪੀਅਨ ਰਿਚਰਡ ਬਬਕਾ ਨੂੰ ਪਛਾੜਦਿਆਂ 194 ਫੁੱਟ 2 ਇੰਚ (59.18 ਮੀਟਰ) ਦੂਰ ਡਿਸਕਸ ਸੁੱਟ ਕੇ ਨਵੇਂ ਓਲੰਪਿਕ ਰਿਕਾਰਡ ਨਾਲ ਲਗਾਤਾਰ ਦੂਜਾ ਗੋਲਡ ਮੈਡਲ ਜਿੱਤ ਗਿਆ ਜਦ ਕਿ 1957 ‘ਚ ਉਹਦਾ ਆਟੋ ਐਕਸੀਡੈਂਟ ਹੋ ਗਿਆ ਸੀ। ਰੋਮ ਦੀਆਂ ਓਲੰਪਿਕ ਖੇਡਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਉਹ ਮਸੀਂ ਠੀਕ ਹੋਇਆ ਸੀ।

1964 ਵਿਚ ਟੋਕੀਓ ਦੀਆਂ ਓਲੰਪਿਕ ਖੇਡਾਂ ਤੋਂ ਕੁਝ ਦਿਨ ਪਹਿਲਾਂ ਉਹ ਗਿੱਲੀ ਥਾਵੇਂ ਤਿਲ੍ਹਕ ਕੇ ਡਿੱਗ ਪਿਆ ਜਿਸ ਨਾਲ ਪੱਸਲੀਆਂ ਫਿੱਸ ਗਈਆਂ ਤੇ ਧੌਣ ਠੁਕ ਗਈ ਸੀ। ਪਰ ਉਹ ਡਾਕਟਰ ਦੇ ਮਨ੍ਹਾ ਕਰਨ ਦੇ ਬਾਵਜੂਦ ਪੱਸਲੀਆਂ ਉਤੇ ਪੱਟਾ ਅਤੇ ਧੌਣ ‘ਤੇ ਗੁਲੂਬੰਦ ਬੰਨ੍ਹ ਕੇ ਡਿਸਕਸ ਦੇ ਦਾਇਰੇ ‘ਚ ਨਿਤਰਿਆ। ਓਲੰਪਿਕ ਮੁਕਾਬਲੇ ਨੂੰ ਉਹ ਜ਼ਿੰਦਗੀ-ਮੌਤ ਦਾ ਸਵਾਲ ਸਮਝਦਾ ਸੀ। ਉਸ ਨੇ ਪੀੜ ਨਾਲ ਕਸੀਸ ਵੱਟ ਕੇ ਡਿਸਕਸ ਸੁੱਟੀ ਜੋ ਸਭ ਤੋਂ ਮੂਹਰੇ ਜਾ ਡਿੱਗੀ। ਮੁਕਾਬਲਾ ਹੋਰ ਅੱਗੇ ਵਧਦਾ ਗਿਆ। ਪੰਜਵੀਂ ਸੁੱਟ ਸਮੇਂ ਉਸ ਨੇ ਗਰਦਨ ਦਾ ਗੁਲੂਬੰਦ ਲਾਹ ਕੇ ਪਰੇ ਮਾਰਿਆ ਤੇ ਪੂਰੇ ਜ਼ੋਰ ਨਾਲ ਡਿਸਕਸ ਸੁੱਟੀ ਜੋ 206 ਫੁੱਟ 6 ਇੰਚ (62.94 ਮੀਟਰ) ਦੂਰ ਗਈ। ਇੰਜ ਉਹ ਲਗਾਤਾਰ ਤੀਜਾ ਓਲੰਪਿਕ ਗੋਲਡ ਮੈਡਲ ਵੀ ਨਵੇਂ ਓਲੰਪਿਕ ਰਿਕਾਰਡ ਨਾਲ ਜਿੱਤਿਆ।

ਮੈਕਸੀਕੋ-68 ਦੀਆਂ ਖੇਡਾਂ ਵਿਚ ਵੀ ਪਹਿਲਾਂ ਉਹਦੀ ਜਿੱਤ ਯਕੀਨੀ ਨਹੀਂ ਸੀ। ਉਦੋਂ ਉਹ 32ਵੇਂ ਸਾਲ ‘ਚ ਸੀ ਤੇ ਉਹਦਾ ਭਾਰ 295 ਪੌਂਡ ਸੀ। ਉਨ੍ਹੀਂ ਦਿਨੀਂ ਅਮਰੀਕਾ ਦੇ ਹੀ ਜੇਅ ਸਿਲਵੈਸਟਰ ਨੇ 225 ਫੁੱਟ 4 ਇੰਚ ਦੂਰ ਡਿਸਕਸ ਸੁੱਟਣ ਦਾ ਵਿਸ਼ਵ ਰਿਕਾਰਡ ਰੱਖਿਆ ਹੋਇਆ ਸੀ। ਸਭ ਇਹੋ ਸਮਝਦੇ ਸਨ ਕਿ ਜੇਅ ਹੀ ਗੋਲਡ ਮੈਡਲ ਜਿੱਤੇਗਾ। ਪਰ ਓਰਟਰ ਕਿਸਮਤ ਦਾ ਧਨੀ ਨਿਕਲਿਆ। ਉਸ ਨੇ ਪਹਿਲੀ ਹੀ ਸੁੱਟ 212 ਫੁੱਟ ਸਾਢੇ 6 ਇੰਚ ਦੂਰ ਸੁੱਟੀ ਜੋ ਨਵਾਂ ਓਲੰਪਿਕ ਰਿਕਾਰਡ ਸੀ। ਉਸ ਦਾ ਅਜਿਹਾ ਮਨੋਵਿਗਿਆਨਕ ਅਸਰ ਪਿਆ ਕਿ ਕੋਈ ਹੋਰ ਸੁਟਾਵਾ ਉਤੋਂ ਅੱਗੇ ਨਾ ਨਿਕਲ ਸਕਿਆ। ਇੰਜ ਉਹ ਲਗਾਤਾਰ ਚੌਥੀ ਵਾਰ ਨਵੇਂ ਓਲੰਪਿਕ ਰਿਕਾਰਡ ਨਾਲ ਓਲੰਪਿਕ ਖੇਡਾਂ ਦਾ ਚੌਥਾ ਗੋਲਡ ਮੈਡਲ ਜਿੱਤਿਆ।

ਜਦੋਂ ਉਸ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਓਲੰਪਿਕ ਮੁਕਾਬਲੇ ਵੇਲੇ ਪ੍ਰੈਕਟਿਸ ਨਾਲੋਂ ਵਧੇਰੇ ਦੂਰ ਡਿਸਕਸ ਕਿਵੇਂ ਸੁੱਟਦਾ ਹੈ ਤਾਂ ਉਸ ਦਾ ਜਵਾਬ ਸੀ ਕਿ ਉਹ ਕਿਸੇ ਪ੍ਰਕਾਰ ਦੇ ਤਣਾਅ ਵਿਚ ਨਹੀਂ ਹੁੰਦਾ। ਰੀਲੈਕਸ ਰਹਿ ਕੇ ਡਿਸਕਸ ਸੁੱਟਦਾ ਹੈ। ਬਹੁਤੀ ਵਾਰ ਉਹਦੀ ਪਹਿਲੀ ਸੁੱਟ ਹੀ ਉਸ ਨੂੰ ਗੋਲਡ ਮੈਡਲ ਜਿਤਾਉਂਦੀ ਰਹੀ ਹੈ। ਉਹ ਲੰਮੇ ਸਮੇਂ ਤਕ ਆਪਣੀ ਚੰਗੇਰੀ ਕਾਰਗੁਜ਼ਾਰੀ ਪਿੱਛੇ ਯਹੂਦੀ ਅੰਸ਼ ਵੰਸ਼ ਅਤੇ ਮੌਕੇ ਮੁਤਾਬਿਕ ਸਾਵੀਂ ਮਾਨਸਿਕ ਮਨੋਬਿਰਤੀ ਦਾ ਵੀ ਯੋਗਦਾਨ ਸਮਝਦਾ ਸੀ।

ਲਓ ਹੁਣ ਇਹ ਵੀ ਜਾਣ ਲਓ ਕਿ ਉਹ 4 ਸੋਨ ਤਗ਼ਮਿਆਂ ਦੀ ਥਾਂ 7 ਸੋਨ ਤਗ਼ਮੇ ਕਿਉਂ ਨਹੀਂ ਜਿੱਤ ਸਕਿਆ? ਉਹ ਦੋ ਧੀਆਂ ਦਾ ਬਾਪ ਸੀ। ਪਰ ਆਪਣੇ ਖੇਡ ਰੁਝੇਵਿਆਂ ਵਿਚ ਉਹ ਏਨਾ ਰੁਝਿਆ ਰਿਹਾ ਸੀ ਕਿ ਪਰਿਵਾਰ ਵੱਲ ਧਿਆਨ ਦੇਣ ਦਾ ਉਹਦੇ ਕੋਲ ਵਕਤ ਹੀ ਨਹੀਂ ਸੀ। ਜਦ ਉਹ ਮੈਕਸੀਕੋ ਤੋਂ ਚੌਥਾ ਓਲੰਪਿਕ ਗੋਲਡ ਮੈਡਲ ਜਿੱਤ ਕੇ ਲੌਂਗ ਆਈਲੈਂਡ, ਨਿਊਯਾਰਕ ਵਾਲੇ ਘਰ ਪਰਤਿਆ ਤਾਂ ਉਹਦੀ ਸੱਤ ਸਾਲ ਦੀ ਛੋਟੀ ਬੇਟੀ ਗੈਬਰੀਲੇ ਤੇ ਨੌਂ ਸਾਲ ਦੀ ਵੱਡੀ ਬੇਟੀ ਕ੍ਰਿਸਟੀਆਨਾ ਆਪਣੇ ਪਾਪਾ ਦੀ ਉਡੀਕ ਕਰ ਰਹੀਆਂ ਸਨ। ਚਿਰੀਂ ਪਰਤੇ ਪਾਪਾ ਨੂੰ ਮਿਲ ਕੇ ਪਹਿਲਾਂ ਉਹ ਖੁਸ਼ ਹੋਈਆਂ ਤੇ ਫਿਰ ਉਦਾਸ ਹੋ ਗਈਆਂ ਕਿ ਉਸ ਨੇ ਮੁੜ ਕੋਚਿੰਗ ਕੈਂਪਾਂ ‘ਚ ਚਲੇ ਜਾਣਾ ਹੈ। ਮਾਂ ਦੀਆਂ ਸਿਖਾਈਆਂ ਉਨ੍ਹਾਂ ਭੋਲੀਆਂ ਬੱਚੀਆਂ ਨੇ ਬਾਪ ਨੂੰ ਮਿਹਣਾ ਮਾਰਿਆ, ਜੇ ਤੁਸੀਂ ਸਾਨੂੰ ਪਾਲਣਾ ਸਾਂਭਣਾ ਨਹੀਂ ਸੀ ਤਾਂ ਜੰਮਿਆ ਹੀ ਕਿਉਂ ਸੀ? ਪਤਨੀ ਖ਼ੁਦ ਪਾਸਾ ਵੱਟ ਗਈ ਸੀ। ਅਲ ਔਰਟਰ ਨੂੰ ਡਾਢਾ ਪਛਤਾਵਾ ਹੋਇਆ ਤੇ ਉਸ ਨੇ ਆਪਣੀਆਂ ਸਾਰੀਆਂ ਡਿਸਕਸਾਂ ਕਲੌਜ਼ਿਟ ਵਿਚ ਸੁੱਟ ਕੇ ਜਿੰਦਰਾ ਮਾਰ ਦਿੱਤਾ ਤੇ ਪਰਿਵਾਰ ਜੋਗਾ ਹੀ ਰਹਿ ਗਿਆ। ਉਹ ਨਿਊਯਾਰਕ ਦੀ ਇਕ ਕੰਪਿਊਟਰ ਫਰਮ ਦਾ ਕਮਿਊਨੀਕੇਸ਼ਨਜ਼ ਮੈਨੇਜਰ ਲੱਗ ਗਿਆ ਤੇ ਡਿਸਕਸ ਸੁੱਟਣ ਦੀ ਪ੍ਰੈਕਟਿਸ ਕਰਨੀ ਅਸਲੋਂ ਭੁੱਲ ਗਿਆ। ਉਸ ਨੇ ਨਾ ਮਿਊਨਿਖ਼-72 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲਿਆ ਤੇ ਨਾ ਮੌਂਟਰੀਅਲ-76 ਵਿਚ। ਸਰਗਰਮ ਸੁਟਾਵਾ ਬਣਿਆ ਰਹਿੰਦਾ ਤਾਂ ਕੋਈ ਕਾਰਨ ਨਹੀਂ ਸੀ ਕਿ ਮੈਡਲ ਨਾ ਜਿੱਤ ਸਕਦਾ।

ਜਦ ਧੀਆਂ ਵੱਡੀਆਂ ਹੋ ਗਈਆਂ ਤੇ ਪਾਪਾ ਦੀ ਦੇਖ ਭਾਲ ਦੀ ਲੋੜ ਨਾ ਰਹੀ ਤਾਂ ਓਰਟਰ ਨੂੰ ਅਚਵੀ ਲੱਗਣ ਲੱਗ ਪਈ। ਉਹ ਵਕਤ ਗੁਜ਼ਾਰਨ ਲਈ ਕਦੇ ਲਾਇਬ੍ਰੇਰੀ ‘ਚ ਪੜ੍ਹਨ ਚਲੇ ਜਾਂਦਾ, ਕਦੇ ਟੈਨਿਸ ਖੇਡਣ ਲੱਗਦਾ ਤੇ ਕਦੇ ਜੌਗਿੰਗ ਕਰਨ ਲੱਗਦਾ। ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ਵੇਲੇ ਉਸ ਦਾ ਗੱਠਿਆ ਜੁੱਸਾ 295 ਪੌਂਡ ਦਾ ਸੀ ਜੋ ਸਿਰਫ਼ 220 ਪੌਂਡ ਦਾ ਰਹਿ ਗਿਆ ਸੀ। ਪਤਨੀ ਦੇ ਵਿਗੋਚੇ ਤੋਂ ਉਹ ਅੱਡ ਪਰੇਸ਼ਾਨ ਸੀ। ਆਪਣੇ ਆਪ ਨੂੰ ਰੁਝਾਈ ਰੱਖਣ ਤੇ ਜੁੱਸਾ ਕਾਇਮ ਕਰਨ ਲਈ ਉਸ ਨੇ ਮੁੜ ਵੇਟ ਟ੍ਰੇਨਿੰਗ ਸ਼ੁਰੂ ਕਰ ਲਈ। ਉਹ 700 ਪੌਂਡ ਤੱਕ ਦੀ ਬੈਠਕ ਲਾਉਣ ਲੱਗ ਪਿਆ ਅਤੇ ਉਹਦੀ ਡਿਸਕਸ ਵੀ ਇੰਟਰਨੈਸ਼ਨਲ ਪੱਧਰ ਤੱਕ ਜਾਣ ਲੱਗ ਪਈ।

ਮਾਸਕੋ-80 ਦੀਆਂ ਓਲੰਪਿਕ ਖੇਡਾਂ ‘ਚੋਂ ਉਹ ਮੁੜ ਮੈਡਲ ਜਿੱਤਣ ਲਈ ਤਿਆਰ ਸੀ। ਪਰ ਉਹਦੇ ਮਾੜੇ ਭਾਗਾਂ ਨੂੰ ਅਮਰੀਕਾ ਨੇ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰ ਦਿੱਤਾ। ਇੰਜ ਉਹਦਾ ਪੰਜਵਾਂ ਗੋਲਡ ਮੈਡਲ ਜਿੱਤਣਾ ਵਿਚੇ ਰਹਿ ਗਿਆ। ਇਸ ਦੌਰਾਨ ਉਸ ਨੇ ਪੈਨ ਅਮੈਰੀਕਨ ਖੇਡਾਂ ‘ਚੋਂ ਗੋਲਡ ਮੈਡਲ ਜਿੱਤਿਆ ਅਤੇ ਵੈਟਰਨ ਖਿਡਾਰੀਆਂ ਦੀਆਂ ਮਾਸਟਰ ਖੇਡਾਂ ਵਿਚ ਮੈਡਲ ਜਿੱਤਣ ਲੱਗ ਪਿਆ। ਉਹ ਲਾਸ ਏਂਜਲਸ-84 ਦੀਆਂ ਓਲੰਪਿਕ ਖੇਡਾਂ ਲਈ ਤਿਆਰੀ ਕਰਨ ਲੱਗਾ ਪਰ ਟਰਾਇਲਾਂ ‘ਚ ਮਾਮੂਲੀ ਫਰਕ ਨਾਲ ਚੌਥੇ ਨੰਬਰ ‘ਤੇ ਰਹਿ ਜਾਣ ਕਾਰਨ ਅਮਰੀਕਾ ਦੀ ਟੀਮ ਵਿਚ ਨਾ ਚੁਣਿਆ ਜਾ ਸਕਿਆ। ਉਂਜ ਮਾਹਿਰਾਂ ਦਾ ਮੰਨਣਾ ਹੈ ਜੇ ਉਸ ਨੂੰ ਮੌਕਾ ਮਿਲ ਜਾਂਦਾ ਤਾਂ ਉਸ ਨੇ ਉਹੀ ਕਰਨਾ ਸੀ ਜੋ ਪਹਿਲੀਆਂ ਓਲੰਪਿਕ ਖੇਡਾਂ ਵਿਚ ਕਰਦਾ ਆਇਆ ਸੀ। ਆਖ਼ਰੀ ਵਾਰ ਉਸ ਨੇ ਸਿਓਲ-88 ਦੀਆਂ ਓਲੰਪਿਕ ਖੇਡਾਂ ਲਈ ਟਰਾਇਲ ਦਿੱਤੇ ਪਰ ਕੁਆਲੀਫਾਈ ਨਾ ਕਰ ਸਕਿਆ।

ਉਹ ਬਲੱਡ ਪ੍ਰੈਸ਼ਰ ਦਾ ਸਦੀਵੀ ਮਰੀਜ਼ ਸੀ ਜੋ ਉਸ ਦੇ ਦਿਲ ਦੇ ਦੌਰੇ ਦਾ ਕਾਰਨ ਬਣਿਆ। 13 ਮਾਰਚ 2003 ਨੂੰ ਦਿਲ ਦਾ ਰੋਗੀ ਬਣ ਕੇ 1 ਅਕਤੂਬਰ 2007 ਨੂੰ ਫੋਰਟ ਮੇਅਰ, ਫਲੋਰੀਡਾ ਵਿਚ 71 ਸਾਲ ਦੀ ਉਮਰੇ ਆਪਣੀ ਪਤਨੀ ਤੇ ਦੋਹਾਂ ਧੀਆਂ ਨੂੰ ਆਖ਼ਰੀ ਅਲਵਿਦਾ ਕਹਿ ਗਿਆ। 1983 ਵਿਚ ਉਹਦਾ ਨਾਂ ਅਮਰੀਕਾ ਹਾਲ ਆਫ਼ ਫੇਮ ਵਿਚ ਚਾੜ੍ਹਿਆ ਗਿਆ ਜੋ ਸੁਨਹਿਰੀ ਅੱਖਰਾਂ ‘ਚ ਜਗਮਗਾ ਰਿਹੈ।

ਈ-ਮੇਲ: principalsarwansingh@gmail.com



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -