12.4 C
Alba Iulia
Sunday, May 5, 2024

ਚਰਚਿਤ ਗੀਤਾਂ ਦਾ ਲਿਖਾਰੀ ਨੂਰ ਬੱਸੀ ਪਠਾਣਾਂ

Must Read


ਸੁਰਜੀਤ ਜੱਸਲ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੀ ਗੀਤਕਾਰੀ ਵਿੱਚ ਨੂਰ ਬੱਸੀ ਪਠਾਣਾਂ (ਰਣਧੀਰ ਸਿੰਘ ਨੂਰ) ਦੀ ਤੂਤੀ ਬੋਲਦੀ ਸੀ। ਕੈਸੇਟ ਕਲਚਰ ਦਾ ਦੌਰ ਪੂਰੇ ਜੋਬਨ ‘ਤੇ ਸੀ। ਸਰਦੂਲ ਸਿਕੰਦਰ ਦੇ ਨੇੜਲੇ ਗੀਤਕਾਰਾਂ ‘ਚੋਂ ਨੂਰ ਇੱਕ ਸੀ। ਉਨ੍ਹਾਂ ਦਿਨਾਂ ਵਿੱਚ ਸਰਦੂਲ ਤੇ ਨੂਰੀ ਦੀ ਦੋਗਾਣਾ ਟੇਪ ‘ਗੋਰਾ ਰੰਗ ਦੇਈਂ ਨਾ ਰੱਬਾ’ ਵਿੱਚ ਉਸ ਦੇ ਲਿਖੇ ਗੀਤਾਂ ਦੀ ਪੂਰੀ ਚੜ੍ਹਤ ਸੀ। ਉਹ ਗੀਤਕਾਰੀ ਦੇ ਨਾਲ-ਨਾਲ ਪਹਿਲਾਂ ਕਹਾਣੀਆਂ ਵੀ ਲਿਖਦਾ ਸੀ ਜੋ ਪੰਜਾਬੀ ਅਖ਼ਬਾਰਾਂ ਤੇ ‘ਹਾਣੀ’ ਰਸਾਲੇ ਵਿੱਚ ਛਪਦੀਆਂ ਸਨ। ਇਸ ਤਰ੍ਹਾਂ ਸਾਹਿਤ ਖੇਤਰ ਨਾਲ ਜੁੜਿਆ ਹੋਣ ਕਰਕੇ ਉਸ ਦੇ ਗੀਤਾਂ ਵਿੱਚ ਰਿਸ਼ਤਿਆਂ ਦੀ ਮਰਿਆਦਾ, ਸ਼ਬਦਾਂ ਦੀ ਠੇਠਤਾ ਤੇ ਪੰਜਾਬੀਅਤ ਦੀ ਮਹਿਕ ਛਲਕਦੀ। ਉਸ ਨੇ ਹਮੇਸ਼ਾ ਸਮਾਜਿਕ ਦਾਇਰੇ ਵਿੱਚ ਰਹਿ ਕੇ ਗੀਤਾਂ ਦੀ ਸਿਰਜਣਾ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਦੂਲ ਸਿਕੰਦਰ ਤੇ ਅਮਰ ਨੂੁਰੀ ਦੇ ਗਾਏ ਦੋਗਾਣਿਆਂ ਦੀ ਮਕਬੂਲੀਅਤ ਪਿੱਛੇ ਨੂਰ ਦੀ ਕਲਮ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ‘ਤੇਰਾ ਲਿਖਦੂੰ ਸਫੈਦਿਆਂ ‘ਤੇ ਨਾਂ’, ‘ਛੇਤੀ ਭੱਜ ਜਾ ਗਲੀ ਚ ਡੰਡ ਪੈ ਗਈ ਮਿੱਤਰਾ ਵੇ’, ‘ਗੁੱਸੇ ਰਹਿ ਜਾਂ ਰਾਜੀ’, ‘ਚਿੱਠੀ ਪੜ੍ਹ ਲਈ ਬੁੜੀ ਨੇ…’ ਉਸ ਦੀ ਕਲਮ ‘ਚੋਂ ਨਿਕਲੇ ਚਰਚਿਤ ਦੋਗਾਣੇ ਹਨ। ਨੂਰ ਨੇ ਸੈਂਕੜੇ ਗੀਤ ਲਿਖੇ ਜਿਨ੍ਹਾਂ ਨੇ ਉਸ ਦੀ ਸਦੀਵੀਂ ਪਛਾਣ ਬਣਾਈ। ਗੁਰਮੀਤ ਬਾਵਾ, ਸੁਚੇਤ ਬਾਲਾ-ਸੁਰਿੰਦਰ ਬਾਵਾ, ਕੇਸਰ ਸਿੰਘ ਕੇਸਰ, ਅਨੀਤਾ ਸਮਾਣਾ, ਕੇ ਦੀਪ – ਜਗਮੋਹਨ ਕੋਰ, ਸਰਦੂਲ ਸਿਕੰਦਰ – ਅਮਰ ਨੂਰੀ, ਭੁਪਿੰਦਰ ਗਿੱਲ – ਮਿਸ ਨੀਲਮ, ਮਨਜੀਤ ਰਾਹੀ – ਦਲਜੀਤ ਕੌਰ ਸਮੇਤ ਅਨੇਕਾਂ ਨਵੇਂ ਪੁਰਾਣੇ ਗਾਇਕਾਂ ਦੀ ਆਵਾਜ਼ ਵਿੱਚ 300 ਤੋਂ ਵੱਧ ਗੀਤ ਰਿਕਾਰਡ ਕਰਵਾਉਣ ਵਾਲੇ ਇਸ ਗੀਤਕਾਰ ਦਾ ਜਨਮ 2 ਫਰਵਰੀ 1948 ਨੂੰ ਬੱਸੀ ਪਠਾਣਾਂ (ਸ੍ਰੀ ਫ਼ਤਹਿਗੜ੍ਹ ਸਾਹਿਬ) ਵਿਖੇ ਮਾਤਾ ਬਲਵੀਰ ਕੌਰ ਤੇ ਪਿਤਾ ਤੇਜਾ ਸਿੰਘ ਦੇ ਘਰ ਹੋਇਆ। ਜਵਾਨੀ ਉਮਰੇ ਗੀਤ ਸੁਣਨ ਦੀ ਚੇਟਕ ਨੇ ਉਸ ਨੂੰ ਕਲਾ ਖੇਤਰ ਵੱਲ ਮੋੜਿਆ। ਹਰਚਰਨ ਗਰੇਵਾਲ ਤੇ ਨਰਿੰਦਰ ਬੀਬਾ ਦੇ ਗੀਤਾਂ ਨੇ ਉਸ ਨੂੰ ਵਧੇਰੇ ਪ੍ਰਭਾਵਿਤ ਕੀਤਾ। ਇਨ੍ਹਾਂ ਦੇ ਗੀਤ ਸੁਣ ਸੁਣ ਜੁਆਨ ਹੋਏ ਨੂਰ ਅੰਦਰਲੇ ਗੀਤਕਾਰ ਨੇ ਅੰਗੜਾਈ ਲਈ। ਉਸ ਦੇ ਮਨ ਅੰਦਰ ਕਲਮ ਚਲਾਉਣ ਦੀ ਰੀਝ ਪੈਦਾ ਹੋਈ ਤਾਂ ਨੂਰ ਨੇ ਗੀਤਕਾਰ ਗੁਰਦੇਵ ਮਾਨ (ਮਿੱਤਰਾਂ ਦੀ ਲੂਣ ਦੀ ਡਲੀ) ਨੂੰ ਉਸਤਾਦ ਧਾਰ ਲਿਆ। ਨੂਰ ਨੇ ਦੱਸਿਆ ਕਿ ਉਨ੍ਹਾਂ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਕਾਮਰੇਡਾਂ ਦੇ ਡਰਾਮੇ, ਜਲਸੇ ਆਦਿ ਹੀ ਹੋਇਆ ਕਰਦੇ ਸਨ। ਉਨ੍ਹਾਂ ਦੇ ਇਲਾਕੇ ‘ਚ ਰੱਬੀ ਬੈਰੋਪੁਰੀ ਦੇ ਡਰਾਮੇ ਬਹੁਤ ਮਸ਼ਹੂਰ ਹੁੰਦੇ ਸਨ। ਉਸ ਵੇਲੇ ਉਸ ਨੂੰ ਰੱਬੀ ਬੈਰੋਪੁਰੀਆ ਦੀਆਂ ਸਟੇਜਾਂ ਤੋਂ ਗਾਉਣ ਦਾ ਮੌਕਾ ਮਿਲਿਆ। ਉਦੋਂ ਉਹ ਦਸਵੀਂ ਦੇ ਪੇਪਰ ਦੇ ਹਟਿਆ ਸੀ ਜਦ ਉਸ ਦਾ ਪਹਿਲਾ ਗੀਤ ‘ਸੋਹਣੀ ਦਾ ਘੜਾ’ ਗੁਰਮੀਤ ਬਾਵਾ ਦੀ ਆਵਾਜ਼ ਵਿੱਚ ਐੱਚਐੱਮਵੀ ਤਵੇ ‘ਤੇ ਰਿਕਾਰਡ ਹੋਇਆ। ਬਾਵਾ ਨੇ ਉਸ ਦਾ ਇਹ ਗੀਤ ਕਿਤਾਬ ‘ਪਤਲੋ ਪਤੰਗ ਵਰਗੀ’ ਵਿੱਚੋਂ ਪੜ੍ਹ ਕੇ ਰਿਕਾਰਡ ਕਰਵਾਇਆ ਸੀ।

ਨੂਰ ਬੱਸੀ ਨੇ ਜਿੰਨੇ ਵੀ ਗੀਤ ਲਿਖੇ ਉਹ ਸਰੋਤਿਆਂ ਦੀ ਜ਼ੁਬਾਨ ‘ਤੇ ਚੜ੍ਹੇ ਜੋ ਅੱਜ ਵੀ ਤਰੋ-ਤਾਜ਼ਾ ਹਨ। ਗੀਤਕਾਰੀ ਦੇ ਸ਼ੌਕ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ‘ਚੋਂ ਉਸ ਨੇ ਕਦੇ ਮਨਫ਼ੀ ਨਹੀਂ ਹੋਣ ਦਿੱਤਾ। ਨੂਰ ਦੇ ਜ਼ਿਆਦਾਤਰ ਗੀਤਾਂ ਨੂੰ ਖੰਨੇ ਸ਼ਹਿਰ ਦੇ ਗਾਇਕ ਕਲਾਕਾਰਾਂ ਨੇ ਹੀ ਰੂਹ ਨਾਲ ਗਾਇਆ। ਸਮੇਂ ਦੇ ਲਿਹਾਜ਼ ਨਾਲ ਉਸ ਦੇ ਗੀਤਾਂ ‘ਚੋਂ ਤਾਂਬੇ ਰੰਗੀ ਭੱਮਕ ਵੀ ਮਾਰਦੀ ਹੈ। ਉਸ ਦਾ ਗੀਤ ‘ਟੈਰਾਲੀਨ ਤਿੰਨ ਮੇਲ ਦੀ’ ਅਤੇ ਕੇਸਰ ਸਿੰਘ ਕੇਸਰ ਤੇ ਅਨੀਤਾ ਸਮਾਣਾ ਦੀ ਆਵਾਜ਼ ‘ਚ ‘ਗੁੰਦਵਾਂ ਸਰੀਰ ਤੇਰਾ’ ਵੀ ਲੋਕਾਂ ਨੇ ਖ਼ੂਬ ਪਸੰਦ ਕੀਤਾ, ਬਾਅਦ ਵਿੱਚ ਇਸੇ ਗੀਤ ਨੂੰ ਕੇ ਦੀਪ ਤੇ ਜਗਮੋਹਨ ਕੌਰ ਨੇ ਰਿਕਾਰਡ ਕਰਵਾਇਆ ਤੇ ਇਹ ਵੀ ਬੇਹੱਦ ਮਕਬੂਲ ਹੋਇਆ।

ਜਦ ਸਰਦੂਲ ਅਮਰ ਨੂਰੀ ਦੀ ਦੋਗਾਣਾ ਗਾਇਕੀ ਦੀ ਗੱਲ ਹੁੰਦੀ ਹੈ ਤਾਂ ਨੂਰ ਬੱਸੀ ਪਠਾਣਾਂ ਵਾਲੇ ਦੇ ਗੀਤਾਂ ਦਾ ਖ਼ਾਸ ਜ਼ਿਕਰ ਹੁੰਦਾ ਹੈ। ਨੂਰ ਨੇ ਜਿੱਥੇ ਚੁਲਬੁਲੇ ਗੀਤ ਲਿਖੇ, ਉੱਥੇ ਪਰਿਵਾਰਕ ਨੋਕ-ਝੋਕ ਵਾਲੇ ਗੀਤਾਂ ਦੀ ਵੀ ਸਿਰਜਣਾ ਕੀਤੀ। ਸਰਦੂਲ ਸਿਕੰਦਰ ਨੇ ਨੂਰ ਦੇ ਗੀਤਾਂ ਨੂੰ ਪਰਿਵਾਰਕ ਲਹਿਜੇ ਨਾਲ ਗਾ ਕੇ ਉਸ ਨੂੰ ਨਵੇਂ ਸਰੋਤਾ ਵਰਗ ਨਾਲ ਜੋੜਿਆ। ਸਰਦੂਲ ਦੀ ਆਵਾਜ਼ ‘ਚ ਗਾਏ ਨੂਰ ਦੇ ਲਿਖੇ ਗੀਤਾਂ ਦੀ ਸੂਚੀ ਕਾਫ਼ੀ ਲੰਮੀ ਹੈ ਪਰ ਸਭ ਤੋਂ ਵੱਧ ਚਰਚਿਤ ਗੀਤਾਂ ‘ਚ ‘ਤੇਰਾ ਲਿਖਦੂੰ ਸਫੈਦਿਆਂ ‘ਤੇ ਨਾਂ’ ਸ਼ੁਮਾਰ ਹੈ। ਇਹ ਪੰਜਾਬੀ ਫਿਲਮ ‘ਪੁੱਤ ਸਰਦਾਰਾਂ ਦੇ’ ਵਿੱਚ ਸਰਦੂਲ ਸਿਕੰਦਰ ਤੇ ਅਮਰ ਨੂਰੀ ‘ਤੇ ਫਿਲਮਾਇਆ ਵੀ ਗਿਆ ਹੈ। ਨੂਰ ਨੇ ਦੱਸਿਆ ਕਿ ਉਸ ਨੇ ਜ਼ਿਆਦਾਤਰ ਗੀਤ ਸਰਦੂਲ ਦੇ ਘਰ ਰਹਿ ਕੇ ਹੀ ਲਿਖੇ। ਸਰਦੂਲ ਖ਼ੁਦ ਤਰਜ਼ ਬਣਾਉਂਦਾ ਤੇ ਉਹ ਗੀਤ ਲਿਖਦਾ। ਨੂਰ ਦੇ ਗੀਤਾਂ ਦੀ ਪੜਚੋਲ ਕਰੀਏ ਤਾਂ ਗੀਤ ‘ਗੁੱਸੇ ਰਹਿ ਜਾਂ ਰਾਜ਼ੀ ਵੇ ਅੱਜ ਤੇਰੀ ਮਾਂ ਖੜਕਾਉਣੀ ਆਂ…’ ਨੂੰਹ-ਸੱਸ ਦੀ ਪਰਿਵਾਰਕ ਨੋਕ ਝੋਕ ਪੇਸ਼ ਕਰਦਾ ਇੱਕ ਸੋਹਣਾ ਗੀਤ ਹੈ। ਇਸ ਤੋਂ ਇਲਾਵਾ ‘ਚਿੱਠੀ ਪੜ੍ਹ ਲੀ ਬੁੜੀ ਨੇ… ਗੁੱਤ ਪੁੱਟ ਕੇ ਬਣਾਤਾ ਬੁਰਾ ਹਾਲ ਮਿੱਤਰਾ’ ਪਿਆਰ-ਮੁਹੱਬਤਾਂ ‘ਚ ਪਏ ਪੁਆੜੇ ਦੀ ਕਹਾਣੀ ਬਿਆਨਦਾ ਦੋਗਾਣਾ ਹੈ।

ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਨੇ ਵੀ ਨੂਰ ਦੇ ਲਿਖੇ ਗੀਤ ਗਾਏ ਹਨ। ਇਸ ਜੋੜੀ ਦੀ ਆਵਾਜ਼ ਵਿੱਚ ‘ਜੰਝ ਸੋਫ਼ੀਆਂ ਦੀ, ਕੰਨਾਂ ਬਾਟੀ ਕੁਰਰ’ ਅਤੇ ‘ਜੀਜਾ ਕਦੇ ਰਾਤ ਨੀਂ ਰਹਿੰਦਾ’, ‘ਢੋਲ ਨੇ ਸ਼ਰਾਬ ਛੱਡਤੀ’ ਸਮੇਤ ਤਕਰੀਬਨ 15 ਕੈਸਟਾਂ ਲਈ ਗੀਤ ਲਿਖੇ। ਇਸ ਜੋੜੀ ਨਾਲ ਵੀ ਉਸ ਦੀ ਕਈ ਸਾਲ ਪਰਿਵਾਰਕ ਸਾਂਝ ਰਹੀ। ਇਸ ਤੋਂ ਇਲਾਵਾ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਆਵਾਜ਼ ਵਿੱਚ ‘ਭੂਆ ਕੋਲ ਛੁੱਟੀਆਂ ‘ਚ ਆਈ ਹੋਈ ਆਂ’ ਅਤੇ ‘ਮਿੱਤਰਾਂ ਦਾ ਮੇਲਾ ਬਣ ਜਾਂਦਾ’ ਵੀ ਕਾਫ਼ੀ ਚਰਚਿਤ ਦੋਗਾਣੇ ਹਨ।

ਧਾਰਮਿਕ ਗੀਤ ‘ਨੀਂ ਗੜ੍ਹੀਏ ਚਮਕੌਰ ਦੀਏ ਦੱਸ’ (ਖ਼ੂਨੀ ਸਾਕਾ) ਤੋਂ ਇਲਾਵਾ ਸਰਦੂਲ ਸਿਕੰਦਰ ਤੇ ਪਰਮਜੋਤੀ ਦੀ ਆਵਾਜ਼ ‘ਚ ‘ਤੇਰੇ ਪਿੰਡ ਖੂਨ ਹੋਣਗੇ’ ਵੀ ਰਿਕਾਰਡ ਹੋਇਆ। ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਨੂਰ ਬੱਸੀ ਪਠਾਣਾਂ ਦੀ ਲਿਖੀ ਲੋਕ ਗਾਥਾ ‘ਰਾਣੀ ਕਿਰਨਮਈ’ ਵੀ ਰਿਕਾਰਡ ਕਰਵਾਈ। ਉਪਰੋਕਤ ਕਲਾਕਾਰਾਂ ਤੋਂ ਇਲਾਵਾ ਬਿੱਟੂ ਖੰਨੇ ਵਾਲਾ, ਬਲਬੀਰ ਰਾਏ, ਰਾਜਿੰਦਰ ਮੰਡੀ, ਮਨਜੀਤ ਰਾਹੀ, ਗੁਲਸ਼ਨ ਕੋਮਲ, ਭਰਪੂਰ ਅਲੀ, ਹਰਬੰਸ ਰੈਲੋ-ਸੁਦੇਸ਼ ਕੁਮਾਰੀ, ਕਰਮਜੀਤ ਕੰਮਾ ਤੇ ਮਿਸ ਪੂਜਾ ਆਦਿ ਕਲਾਕਾਰਾਂ ਨੇ ਵੀ ਨੂਰ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਮੌਜੂਦਾ ਗੀਤਕਾਰੀ ਬਾਰੇ ਉਸ ਦਾ ਕਹਿਣਾ ਹੈ ਕਿ ਪਹਿਲਾਂ ਗੀਤਾਂ ਵਿੱਚ ਕਹਾਣੀ ਸੁਣਾਈ ਜਾਂਦੀ ਸੀ ਜਦੋਂਕਿ ਅੱਜ ਚੈਨਲਾਂ ਦੇ ਦੌਰ ‘ਚ ਕਹਾਣੀ ਵਿਖਾਈ ਜਾਂਦੀ ਹੈ। ਸਿੱਧੇ ਸ਼ਬਦਾਂ ਵਿੱਚ ਗੀਤ ਸੁਣਨ ਦੀ ਬਜਾਏ ਵੇਖਣ ਯੋਗ ਹੋ ਗਏ ਹਨ, ਪਰ ਨਾ ਹੁਣ ਸਰੋਤੇ ਰਹੇ ਹਨ ਤੇ ਨਾ ਹੀ ਗਾਉਣ ਵਾਲੇ। ਨੂਰ ਨੂੰ ਗਿਲਾ ਹੈ ਕਿ ਉਸ ਦੇ ਗੀਤਾਂ ਨਾਲ ਵੀ ਛੇੜਛਾੜ ਹੋਈ ਹੈ। ਕਈ ਨਵੇਂ ਗਾਇਕਾਂ ਨੇ ਉਸ ਦੇ ਗੀਤ ਭੰਨ ਤੋੜ ਕੇ ਗਾਏ।

ਮਾਣ ਸਨਮਾਨ ਦੀ ਗੱਲ ਕਰੀਏ ਤਾਂ ਸਰਦੂਲ ਨੇ ਉਸ ਦੇ ਗੀਤਾਂ ਦੀ ਰਾਇਲਟੀ ਦਿੱਤੀ ਹੈ। ਸਰਦੂਲ ਉਸ ਦਾ ਬਹੁਤ ਮਾਣ-ਤਾਣ ਕਰਦਾ ਰਿਹਾ ਹੈ, ਹੋਰ ਕਿਸੇ ਨੇ ਉਸ ਨੂੰ ਕੱਖ ਨਹੀਂ ਦਿੱਤਾ। ਮਾਣ-ਸਨਮਾਨ ਦੀ ਸਿਆਸਤ ਤੋਂ ਦੂਰ ਨੂਰ ਬੱਸੀ ਪਠਾਣਾਂ ਸਰੋਤਿਆਂ ਦੇ ਪਿਆਰ ਨੂੰ ਹੀ ਅਸਲ ਸਨਮਾਨ ਮੰਨਦਾ ਹੈ। ਗੀਤਕਾਰੀ ਦੇ ਖੱਟੇ-ਮਿੱਠੇ ਤਜ਼ਰਬੇ ਹੰਢਾਉਣ ਵਾਲਾ ਨੂਰ ਬੱਸੀ ਪਠਾਣਾਂ ਜ਼ਿੰਦਗੀ ਦੇ 75 ਸਾਲ ਲੰਘਾ ਚੁੱਕਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਬਿਮਾਰੀਆਂ ‘ਚ ਘਿਰਿਆ ਹੋਇਆ ਹੈ, ਪਰ ਉਸ ਦੀ ਗੀਤ ਲਿਖਣ ਦੀ ਚਾਹਤ ਹਾਲੇ ਵੀ ਬਰਕਰਾਰ ਹੈ। ਰੂਹ ਦੀ ਖੁਰਾਕ ਲਈ ਉਹ ਆਖ਼ਰੀ ਦਮ ਤੱਕ ਲਿਖਦਾ ਰਹੇਗਾ।

ਸੰਪਰਕ: 98146-07737



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -