12.4 C
Alba Iulia
Thursday, May 2, 2024

ਘੜਾ ਘੜੇ ਉੱਤੇ ਮੱਘੀ ਵੇ ਜ਼ਾਲਮਾ…!

Must Read


ਸ਼ਵਿੰਦਰ ਕੌਰ

ਪਾਣੀ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹੈ। ਇਸ ਸਦਕਾ ਹੀ ਜੀਆ-ਜੰਤ ਦੀ ਹੋਂਦ ਬਰਕਰਾਰ ਹੈ। ਪਾਣੀ ਦੀ ਲੋੜ ਪਹਿਲਾਂ ਕੁਦਰਤੀ ਸੋਮਿਆਂ ਤੋਂ ਪੂਰੀ ਕੀਤੀ ਜਾਂਦੀ ਸੀ ਜਿਵੇਂ ਵਰਖਾ, ਨਦੀਆਂ ਜਾਂ ਸਮੁੰਦਰਾਂ ਤੋਂ। ਹੌਲੀ ਹੌਲੀ ਮਨੁੱਖ ਨੂੰ ਧਰਤੀ ਵਿੱਚੋਂ ਪਾਣੀ ਕੱਢਣ ਅਤੇ ਇਸ ਨੂੰ ਸਾਂਭਣ ਦੀ ਜਾਚ ਆਉਂਦੀ ਗਈ। ਪਾਣੀ ਅਤੇ ਹੋਰ ਪਦਾਰਥ ਭਰ ਕੇ ਰੱਖਣ, ਰਿੰਨ੍ਹਣ ਪਕਾਉਣ ਦੀ ਲੋੜ ਨੇ ਘੜੇ ਨੂੰ ਜਨਮ ਦਿੱਤਾ। ਘੜਾ ਮਿੱਟੀ ਦਾ ਬਣਿਆ ਇੱਕ ਭਾਂਡਾ ਹੁੰਦਾ ਹੈ ਜਿਸ ਨੂੰ ਘੜਿਆਂ ਦਾ ਕਰਤਾ ਘੁਮਿਆਰ ਮਿੱਟੀ ਗੁੰਨ੍ਹ ਕੇ ਬੜੇ ਸਹਿਜ ਤੇ ਪਿਆਰ ਨਾਲ ਸਿਰਜਣ ਤ੍ਰਿਪਤੀ ਦਾ ਅਨੂਠਾ ਸੁਆਦ ਮਾਣਦਾ ਹੋਇਆ ਘੁੰਮਦੇ ਚੱਕ ਉਪਰ ਬਣਾਉਂਦਾ ਹੈ। ਗਾਗਰ, ਕਾੜ੍ਹਣੀ, ਰਿੜਕਣਾ, ਘੜੋਲੀ, ਮੱਘਾ, ਕੁੱਜੇ ਅਤੇ ਕੁੱਜੀਆਂ ਇਸ ਦੇ ਪਰਿਵਾਰ ਨਾਲ ਹੀ ਜੁੜੇ ਹੋਏ ਹਨ। ਇੱਕ ਗੀਤਕਾਰ ਨੇ ਇਨ੍ਹਾਂ ਦੀ ਸਿਰਜਨਾ ਬਾਰੇ ਇਨ੍ਹਾਂ ਸ਼ਬਦਾਂ ਵਿੱਚ ਵਿਆਖਿਆ ਕੀਤੀ ਹੈ:

ਮੈਂ ਮਿੱਟੀ ਘੁਮਿਆਰਾ ਲੱਭੀ, ਨਾਲ ਮੇਰੇ ਕੀ ਬੀਤੀ।

ਮਾਰ-ਮਾਰ ਮੇਰੇ ਸਿਰ ਵਿੱਚ ਥਾਪੇ, ਸੁਰਮੇ ਵਰਗੀ ਕੀਤੀ।

ਪਾਣੀ ਸੰਗ ਰਲਾ ਕੇ ਮੇਰੀ, ਬਣ ਗਈ ਕੱਚੀ ਘਾਣੀ।

ਫਿਰ ਘੁਮਿਆਰਾ ਗੁੰਨ੍ਹਿਆ ਮੈਨੂੰ, ਲੱਤਾਂ ਮੁੱਕਿਆਂ ਥਾਣੀ।

ਫਿਰ ਚੱਕਰ ਤੇ ਚੱਕਰ ਕੱਢੇ, ਆ ਗਈ ਚੇਤੇ ਨਾਨੀ।

ਥੋੜ੍ਹੀ ਦੇਰ ਵਿੱਚ ਬਣ ਬੈਠੀ ਮੈਂ, ਗਾਗਰ ਖਸਮਾਂ ਖਾਣੀ।

ਫਿਰ ਮੈਂ ਅੱਗ ਦੀ ਜੂਨੇ ਪਾਈ, ਉਹ ਵੀ ਪਈ ਹੰਢਾਣੀ।

ਫਿਰ ਮੁਟਿਆਰਾਂ ਸਿਰ ਤੇ ਧਰ ਕੇ, ਘਰ ਵਿੱਚ ਢੋਇਆ ਪਾਣੀ।

ਘੜੇ ਦੀ ਵਰਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੌਰਾਨ ਅਜਿਹੇ ਘੜੇ ਮਿਲੇ ਹਨ ਜਿਨ੍ਹਾਂ ‘ਤੇ ਖ਼ੂਬਸੂਰਤ ਚਿੱਤਰਕਾਰੀ ਕੀਤੀ ਹੋਈ ਸੀ। ਸੰਸਕ੍ਰਿਤ ਦੇ ‘ਘਟ’ ਸ਼ਬਦ ਤੋਂ ਹਿੰਦੀ ਅਤੇ ਪੰਜਾਬੀ ਵਿੱਚ ‘ਘੜਾ’ ਸ਼ਬਦ ਹੋਂਦ ਵਿੱਚ ਆਇਆ ਹੈ। ਸੰਸਕ੍ਰਿਤ ਦੇ ‘ਘਟ’ ਸ਼ਬਦ ਤੋਂ ਹੀ ਪਾਣੀ ਦੇ ਸਰੋਤ ਘਟਾ ਅਤੇ ਘਾਟ ਬਣੇ ਹਨ। ਬਾਬਾ ਸ਼ੇਖ ਫਰੀਦ ਜੀ ਨੇ ਵੀ ਆਪਣੀ ਬਾਣੀ ਵਿੱਚ ਘੜਾ ਸ਼ਬਦ ਦੀ ਵਰਤੋਂ ਕੀਤੀ ਹੈ:

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ।।

ਅਧਿਆਤਮਕ ਵਿਚਾਰਧਾਰਾ ਮੁਤਾਬਿਕ ਮਨੁੱਖੀ ਸਰੀਰ ਮਿੱਟੀ, ਪਾਣੀ, ਹਵਾ, ਅਗਨੀ ਤੇ ਆਕਾਸ਼ ਦਾ ਬਣਿਆ ਹੋਇਆ ਹੈ। ਘੜੇ ਵਿੱਚ ਇਹ ਪੰਜੇ ਤੱਤ ਮੌਜੂਦ ਹਨ। ਮਿੱਟੀ ਨੂੰ ਪਾਣੀ ਵਿੱਚ ਗੁੰਨ੍ਹ ਕੇ ਖੁੱਲ੍ਹੇ ਆਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਲੋਰਿਆਂ ਨਾਲ ਘੁਮਿਆਰ ਇਸ ਨੂੰ ਬਣਾਉਂਦਾ ਹੈ। ਫਿਰ ਇਸ ਨੂੰ ਅਗਨੀ ਵਿੱਚ ਪਕਾਇਆ ਜਾਂਦਾ ਹੈ। ਮਿੱਟੀ ਦੇ ਘੜੇ ਵਿੱਚ ਛੋਟੇ ਛੋਟੇ ਛੇਕ ਹੁੰਦੇ ਹਨ ਜੋ ਗਰਮੀ ਨੂੰ ਬਾਹਰ ਕੱਢ ਕੇ ਪਾਣੀ ਨੂੰ ਕੁਦਰਤੀ ਢੰਗ ਨਾਲ ਠੰਢਾ ਕਰਨ ਵਿੱਚ ਸਹਾਈ ਹੁੰਦੇ ਹਨ।

ਪਾਣੀ ਦਾ ਘੜਾ ਮਨੁੱਖ ਦੇ ਜਨਮ ਤੋਂ ਮਰਨ ਤੱਕ ਦਾ ਸਾਥੀ ਰਿਹਾ ਹੈ। ਬੱਚੇ ਦੇ ਜਨਮ ਸਮੇਂ ਜੱਚਾ-ਬੱਚਾ ਦੀ ਖ਼ੈਰ ਸਲਾਮਤੀ ਲਈ ਉਸ ਦੇ ਸਿਰਹਾਣੇ ਪਾਣੀ ਦਾ ਘੜਾ ਰੱਖਿਆ ਜਾਂਦਾ ਹੈ। ਵਿਆਹ ਸਮੇਂ ‘ਘੜੋਲੀ ਭਰਨਾ’ ਇੱਕ ਰਸਮ ਹੈ। ਧਾਰਮਿਕ ਸਮਾਗਮਾਂ ਵਿੱਚ ਪਾਣੀ ਦਾ ਘੜਾ (ਕੁੰਭ) ਰੱਖਣਾ ਇੱਕ ਧਾਰਮਿਕ ਵਿਸ਼ਵਾਸ ਹੈ। ਸਸਕਾਰ ਸਮੇਂ ‘ਘੜਾ ਭੰਨਣਾ’ ਅੰਤਿਮ ਰਸਮ ਮੰਨੀ ਜਾਂਦੀ ਹੈ। ਪੁਰਾਤਨ ਸਮੇਂ ਵਿੱਚ ਕੁੜੀ ਪੈਦਾ ਹੋਣ ‘ਤੇ ਉਸ ਨੂੰ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਸੀ।

ਘੜੇ ਦਾ ਪਾਣੀ ਪੀਣਾ ਸਾਡੀ ਸਿਹਤ ਲਈ ਲਾਹੇਵੰਦ ਹੈ ਕਿਉਂਕਿ ਜਦੋਂ ਮਿੱਟੀ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਜੈਵ-ਰਸਾਇਣਕ ਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਪ੍ਰਦੂਸ਼ਿਤ ਪਾਣੀ ਅੰਦਰਲੇ ਨਾਈਟਰੇਟ ਅੱਡ ਹੋ ਜਾਂਦੇ ਹਨ ਅਤੇ ਹੇਠਾਂ ਬੈਠ ਜਾਂਦੇ ਹਨ। ਜਦੋਂ ਘੜੇ ਨੂੰ ਧੋਤਾ ਜਾਂਦਾ ਹੈ ਤਾਂ ਉਹ ਪਾਣੀ ਨਾਲ ਬਾਹਰ ਚਲੇ ਜਾਂਦੇ ਹਨ। ਇਹ ਕਿਰਿਆ ਕੁਦਰਤੀ ਤੌਰ ‘ਤੇ ਫਜਿੱਜ, ਪਿਉਰੀਫਾਇਰ ਜਾਂ ਆਰ.ਓ. ਵਿੱਚ ਨਹੀਂ ਹੁੰਦੀ। ਬਾਜ਼ਾਰੂ ਮਿਨਰਲ ਵਾਟਰ ਦੀ ਗੁਣਵੱਤਾ ਵੀ ਇਸ ਨਾਈਟਰੇਟ ਮੁਕਤੀ ਦੀ ਗਾਰੰਟੀ ਨਹੀਂ ਦਿੰਦੀ।

ਰੋਜ਼ਾਨਾ ਦੇ ਉਪਯੋਗ ਦੀ ਵਸਤੂ ਹੋਣ ਕਰਕੇ ਘੜਾ ਵੀ ਸੱਭਿਆਚਾਰਕ ਪਛਾਣ ਚਿੰਨ੍ਹ ਬਣ ਗਿਆ। ਮਨ ਦੇ ਵਲਵਲਿਆਂ ਨੂੰ ਆਸਰਾ ਤੇ ਪ੍ਰਗਟਾਵਾ ਦੇਣ ਹਿੱਤ ਲੋਕ ਕਾਵਿ ਵਿੱਚ ਘੜੇ ਦੇ ਮਾਧਿਅਮ ਰਾਹੀਂ ਦਿਲ ਦੀ ਗੱਲ ਕਹੀ ਜਾਂਦੀ ਹੈ। ਲੋਕ ਬੋਲੀਆਂ ਅਤੇ ਗੀਤਾਂ ਵਿੱਚ ਘੜਾ ਬੜੀ ਅਹਿਮ ਥਾਂ ਰੱਖਦਾ ਹੈ:

* ਘੜਾ ਘੜੇ ਉੱਤੇ ਮੱਘੀ ਵੇ ਜ਼ਾਲਮਾ,

ਦਿਲ ਵਿੱਚ ਰੱਖਦਾ ਏਂ ਠੱਗੀ ਵੇ ਜ਼ਾਲਮਾ।

* ਘੜਾ ਵੱਜਦਾ, ਘੜੋਲੀ ਵੱਜਦੀ

ਕਿਤੇ ਗਾਗਰ ਵੱਜਦੀ ਸੁਣ ਮੁੰਡਿਆ।

ਸੱਸ ਲੜਦੀ, ਸਹੁਰਾ ਲੜਦਾ

ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ।

ਲੋਕ ਸੰਗੀਤ ਦੇ ਖੇਤਰ ਵਿੱਚ ਵੀ ਇਸ ਦਾ ਮਹੱਤਵਪੂਰਨ ਸਥਾਨ ਹੈ। ਇਸ ਦਾ ਸਾਜ਼ ਦੇ ਤੌਰ ‘ਤੇ ਪੰਜਾਬ ਦੇ ਲੋਕ ਗੀਤਾਂ ਵਿੱਚ ਵੀ ਆਮ ਪ੍ਰਯੋਗ ਕੀਤਾ ਜਾਂਦਾ ਹੈ।

ਸਾਡੇ ਸਮਾਜ ਅਤੇ ਲੋਕ ਸਾਹਿਤ ਵਿੱਚ ਮਿੱਟੀ (ਮੈਂ ਮਿੱਟੀ ਘੁਮਿਆਰਾ ਲੱਭੀ), ਘੜਾ, ਕੱਚਾ ਘੜਾ ਜਿਸ ਨੂੰ ਸੋਹਣੀ ਮਹੀਵਾਲ ਦੀ ਕਥਾ ਨੇ ਅਮਰ ਕਰ ਦਿੱਤਾ, ਤਿੜਕਿਆ ਘੜਾ (ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ), ਟੁੱਟਿਆ ਘੜਾ ਅਤੇ ਢਿੱਕਰੇ ਆਦਿ ਨੂੰ ਭਿੰਨ ਭਿੰਨ ਤਰ੍ਹਾਂ ਦੇ ਪ੍ਰਤੀਕਾਂ ਵਜੋਂ ਵਰਤਿਆ ਜਾਂਦਾ ਹੈ।

ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਨ ਨੇ ਘੜੇ ਜਾਂ ਕੁੰਭ ਨੂੰ ਪ੍ਰਤੀਕ ਅਤੇ ਬਿੰਬ ਰੂਪ ਵਿੱਚ ਵਰਤ ਕੇ ਆਮ ਲੋਕਾਈ ਨੂੰ ਜੀਵਨ ਦੀ ਨਾਸ਼ਵਾਨਤਾ ਦੱਸਦਿਆਂ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਆਸਾ ਦੀ ਵਾਰ ਵਿਚ ਗੁਰੂ ਦੀ ਮਹੱਤਤਾ ਬਾਰੇ ਜਲ ਅਤੇ ਕੁੰਭ ਦੇ ਆਪਸੀ ਸਬੰਧ ਰਾਹੀਂ ਗੁਰੂ ਜੀ ਫਰਮਾਉਂਦੇ ਹਨ:

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।। ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।

ਇਸੇ ਤਰ੍ਹਾਂ ਸੰਤ, ਭਗਤਾਂ ਨੇ ਵੀ ਘੜੇ ਦੀ ਮਾਨਵੀ ਜੀਵਨ ਨਾਲ ਤੁਲਨਾ ਕਰਦਿਆਂ ਮਾਨਵੀ ਜੀਵਨ ਦੀ ਨਾਸ਼ਵਾਨਤਾ ਦਰਸਾਈ ਹੈ:

ਜਲ ਮਹਿ ਕੁੰਭ ਕੁੰਭ ਮਹਿ ਜਲ ਹੈ ਬਾਹ ਭੀਤਰੁ ਪਾਣੀ।।

ਫੁਟਾ ਕੁੰਭ ਜਲ ਜਲੈ ਸਮਾਣਾ ਜਹ ਤੱਥ ਕਥਿਓ ਗਿਆਨੀ।।

ਪੰਜਾਬ ਦੀਆਂ ਲੋਕ-ਗਾਥਾਵਾਂ ਵਿੱਚ ਘੜੇ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਆਇਆ ਹੈ। ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਘੜਾ ਇੱਕ ਪਾਤਰ ਵਜੋਂ ਪੇਸ਼ ਹੋਇਆ ਕਿਆਸਿਆ ਜਾਂਦਾ ਹੈ। ਕੱਚਾ ਘੜਾ ਆਪਣੇ ਨਾਲ ਡੂੰਘੇ ਅਰਥ ਜੋੜੀ ਬੈਠਾ ਹੈ। ਸੂਫ਼ੀ ਸ਼ਾਇਰ ਫੈਜ਼ਲ ਸ਼ਾਹ ਸੱਯਦ ਨੇ ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਕੱਚੇ ਘੜੇ ਦਾ ਚਿਤਰਣ ਬਹੁਤ ਹੀ ਖ਼ੂਬਸੂਰਤੀ ਨਾਲ ਕੀਤਾ ਹੈ:

ਮੁੱਖ ਮੋੜਿਆ ਇਸ਼ਕ ਨੂੰ ਲਾਜ ਲੱਗੇ,

ਮਹੀਂਵਾਲ ਤੇ ਜਾਨ ਕੁਰਬਾਨ ਮੀਆਂ,

ਓੜਕ ਬੰਨ੍ਹ ਮੁੰਡਾਸੜਾ ਠਿਲ ਪਈ,

ਕੱਚੇ ਘੜੇ ਉੱਤੇ ਲਾਇਆ ਤਾਨ ਮੀਆਂ।

ਗਰਮੀਆਂ ਦੀ ਰੁੱਤ ਸ਼ੁਰੂ ਹੋ ਗਈ ਹੈ ਜਿੱਥੇ ਘੜੇ ਦੇ ਸੁਆਦਲੇ ਪਾਣੀ ਨਾਲ ਪਿਆਸ ਬੁਝਦੀ ਹੈ, ਉੱਥੇ ਇਸ ਦੇ ਪਾਣੀ ਵਿੱਚੋਂ ਆਉਂਦੀ ਮਿੱਟੀ ਦੀ ਖੁਸ਼ਬੂ ਮਨ ਨੂੰ ਵੱਖਰਾ ਹੀ ਆਨੰਦ ਦਿੰਦੀ ਹੈ। ਫਰਿੱਜ ਦਾ ਠੰਢਾ ਪਾਣੀ ਗਲੇ ਖਰਾਬ ਕਰਦਾ ਹੈ, ਪਰ ਘੜੇ ਦਾ ਪਾਣੀ ਪੀਣ ਨਾਲ ਗਲ ਖਰਾਬ ਨਹੀਂ ਹੁੰਦਾ। ਇਸ ਨਾਲ ਸਾਡੀ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਬਿਜਲੀ ਨਾਲ ਚੱਲਣ ਵਾਲੇ ਉਪਕਰਨ ਘਾਤਕ ਗੈਸਾਂ ਛੱਡਦੇ ਹਨ, ਇਸ ਦੇ ਨਾਲ ਨਾਲ ਸਾਨੂੰ ਮਹਿੰਗੇ ਵੀ ਪੈਂਦੇ ਹਨ। ਦੂਜੇ ਪਾਸੇ ਘੜੇ ਖਰੀਦ ਕੇ ਅਸੀਂ ਉਸ ਕਿਰਤੀ ਦੀ ਵੀ ਮੱਦਦ ਕਰ ਰਹੇ ਹੁੰਦੇ ਹਾਂ ਜਿਸ ਨੇ ਬੜੀ ਮਿਹਨਤ ਨਾਲ ਇਸ ਨੂੰ ਤਿਆਰ ਕੀਤਾ ਹੁੰਦਾ ਹੈ ਅਤੇ ਉਸ ਦੀ ਰੋਟੀ ਰੋਜ਼ੀ ਦਾ ਸਾਧਨ ਵੀ ਹੁੰਦਾ ਹੈ। ਇਸ ਕਲਾ ਨੂੰ ਜਿਉਂਦਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਹੀ ਘੜੇ ਜ਼ਰੂਰ ਖਰੀਦਣੇ ਚਾਹੀਦੇ ਹਨ।

ਸੰਪਰਕ: 76260-63596



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -