ਜੱਗਾ ਸਿੰਘ ਆਦਮਕੇ
ਮਨੁੱਖ ਨੂੰ ਜਿਉਂਦੇ ਰਹਿਣ ਲਈ ਖਾਧ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਤਦ ਜੰਗਲਾਂ ਵਿੱਚੋਂ ਕੁਦਰਤੀ ਰੂਪ ਵਿੱਚ ਪ੍ਰਾਪਤ ਹੁੰਦੇ ਖਾਧ ਪਦਾਰਥਾਂ ‘ਤੇ ਨਿਰਭਰ ਸੀ। ਮਨੁੱਖ ਨੇ ਆਪਣੇ ਵਿਕਾਸ ਪੜਾਅ ਨੂੰ ਤੈਅ ਕਰਦਿਆਂ ਸੁਰੱਖਿਆ ਦੇ ਪੱਖ ਨੂੰ ਮੁੱਖ ਰੱਖਦਿਆਂ ਆਪਣੇ ਲਈ ਨਿਵਾਸ ਸਥਾਨਾਂ ਦੀ ਚੋਣ ਕੀਤੀ ਅਤੇ ਹੌਲੀ ਹੌਲੀ ਆਪਣੀਆਂ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਲਈ ਫਸਲਾਂ ਦੇ ਰੂਪ ਵਿੱਚ ਖਾਧ ਪਦਾਰਥਾਂ ਦਾ ਉਤਪਾਦਨ ਸ਼ੁਰੂ ਕੀਤਾ। ਮਨੁੱਖ ਲਈ ਇਨ੍ਹਾਂ ਫਸਲਾਂ/ਅਨਾਜ ਪਦਾਰਥਾਂ ਦੀ ਖੁਰਾਕੀ ਜ਼ਰੂਰਤ ਦੇ ਨਾਲ ਨਾਲ ਸਮਾਂ ਬੀਤਣ ‘ਤੇ ਇਨ੍ਹਾਂ ਦਾ ਆਰਥਿਕ ਮਹੱਤਵ ਵੀ ਪੈਦਾ ਹੋ ਗਿਆ। ਆਪਣੇ ਬਹੁ ਪੱਖੀ ਮੱਹਤਵ ਕਾਰਨ ਸਬੰਧਤ ਸੱਭਿਆਚਾਰ ਵਿੱਚ ਵੀ ਖੇਤੀਬਾੜੀ ਅਤੇ ਫਸਲਾਂ ਦਾ ਮਹੱਤਵ ਹੋਣਾ ਲਾਜ਼ਮੀਂ ਸੀ। ਪੰਜਾਬ ਦੀ ਜ਼ਰਖੇਜ਼ ਧਰਤੀ, ਉੱਚਿਤ ਵਾਤਾਵਰਨ, ਰੁੱਤਾਂ, ਵਰਖਾ ਅਤੇ ਪਾਣੀ ਦੇ ਸਾਧਨ ਦੇ ਰੂਪ ਵਿੱਚ ਦਰਿਆ ਹੋਣ ਕਾਰਨ ਇਹ ਖੇਤੀ ਪ੍ਰਧਾਨ ਖਿੱਤਾ ਰਿਹਾ ਹੈ। ਸੱਭਿਆਚਰ ਸਬੰਧਤ ਖਿਤੇ ਦੇ ਸੰਪੂਰਨ ਪੱਖਾਂ ਦਾ ਤਸਵੀਰੀਕਰਨ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਵਿੱਚ ਵੀ ਇਸ ਖਿੱਤੇ ਵਿੱਚ ਹੋਣ ਵਾਲੀਆਂ ਫਸਲਾਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬੀ ਲੋਕ ਸਾਹਿਤ, ਲੋਕ ਬੋਲੀਆਂ, ਲੋਕ ਗੀਤਾਂ ਆਦਿ ਵਿੱਚ ਇਸ ਖਿੱਤੇ ਵਿੱਚ ਹੋਣ ਵਾਲੀਆਂ ਪ੍ਰਮੁੱਖ ਫਸਲਾਂ ਕਪਾਹ, ਮੱਕੀ, ਜਵਾਰ, ਕਣਕ, ਗੁਆਰੇ ਆਦਿ ਨਾਲ ਸਬੰਧਤ ਵੱਖ ਵੱਖ ਪੱਖਾਂ ਦਾ ਵੱਡੇ ਪੱਧਰ ‘ਤੇ ਵਰਨਣ ਮਿਲਦਾ ਹੈ।
ਪੰਜਾਬ ਵਿੱਚ ਹੋਣ ਵਾਲੀ ਅਜਿਹੀ ਹੀ ਇੱਕ ਫ਼ਸਲ ਬਾਜਰਾ ਹੈ, ਜਿਸਦਾ ਆਪਣੇ ਖੁਰਾਕੀ ਗੁਣਾਂ ਤੇ ਦੂਸਰੇ ਪੱਖਾਂ ਕਾਰਨ ਪੰਜਾਬੀ ਜਨ ਜੀਵਨ, ਸੱਭਿਆਚਾਰ ਵਿੱਚ ਖਾਸ ਮਹੱਤਵ ਹੈ। ਬਾਜਰਾ ਘੱਟ ਵਰਖਾ ਵਾਲੇ, ਰੇਤਲੇ ਤੇ ਗਰਮ ਜਲਵਾਯੂ ਵਾਲੇ ਖੇਤਰਾਂ ਦੀ ਫਸਲ ਹੈ। ਅਜਿਹਾ ਹੋਣ ਕਾਰਨ ਇਹ ਮਾਲਵੇ ਦੀ ਮੁੱਖ ਫਸਲ ਰਹੀ ਹੈ। ਕੁਝ ਅਜਿਹਾ ਹੋਣ ਕਾਰਨ ਹੀ ਇਸ ਖਿੱਤੇ ਵਿੱਚ ਸਰਦੀਆਂ ਵਿੱਚ ਸਰ੍ਹੋਂ ਦੇ ਸਾਗ ਨਾਲ ਬਾਜਰੇ ਦੀ ਰੋਟੀ ਬੜੇ ਸ਼ੌਕ ਨਾਲ ਖਾਧੀ ਜਾਂਦੀ ਸੀ। ਅਜਿਹੀ ਵਿਸ਼ੇਸ਼ਤਾ ਕਾਰਨ ਇਹ ਅੱਜ ਵੀ ਪੰਜਾਬ, ਹਰਿਆਣਾ ਦੇ ਰੇਤਲੇ ਅਤੇ ਖਾਸਕਰ ਰਾਜਸਥਾਨ ਦੇ ਇੱਕ ਵੱਡੇ ਹਿੱਸੇ ਵਿੱਚ ਸਾਉਣੀ ਦੀ ਫਸਲ ਦੇ ਰੂਪ ਬੀਜਿਆ ਜਾਂਦਾ ਹੈ। ਬਾਜਰੇ ਦੀ ਫਸਲ ਆਮ ਕਰਕੇ ਮੀਂਹ ‘ਤੇ ਨਿਰਭਰ ਹੁੰਦੀ ਹੈ। ਇਸਦੀ ਬਿਜਾਈ ਲਈ ਮੀਂਹ ਦੀ ਉਡੀਕ ਹੋਣਾ ਲਾਜ਼ਮੀ ਹੈ। ਇਸਦੇ ਅਜਿਹੇ ਪੱਖ ਦਾ ਵਰਨਣ ਟੱਪਿਆ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਮੀਂਹ ਪਾ ਦੇ ਲਾ ਦੇ ਝੜੀਆਂ,
ਬੀਜ ਲਈਏ ਮੋਠ ਬਾਜਰੇ।
ਬਾਜਰੇ ਦੀ ਫਸਲ ਨੂੰ ਪਾਣੀ ਦੀ ਘੱਟ ਜ਼ਰੂਰਤ ਹੋਣ ਕਾਰਨ ਇਹ ਢਲਾਣਦਾਰ ਅਤੇ ਆਮ ਨਾਲੋਂ ਉੱਚੀਆਂ ਜ਼ਮੀਨਾਂ ਵਿੱਚ ਵੀ ਪੂਰੀ ਸਫਲਤਾ ਨਾਲ ਹੁੰਦੀ ਹੈ। ਇਸ ਦੀ ਅਜਿਹੀ ਵਿਸ਼ੇਸ਼ਤਾ ਕਰਕੇ ਹੀ ਵਿਆਹ ਦੇ ਗੀਤਾਂ, ਬੋਲੀਆਂ ਵਿੱਚ ਇਸ ਸਬੰਧੀ ਕੁਝ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ:
ਕਿੱਥੇ ਬੀਜਿਆ ਬਾਜਰਾ,
ਕਿੱਥੇ ਬੀਜੀ ਜਵਾਰ।
ਉੱਚੇ ਤਾਂ ਬੀਜਿਆ ਬਾਜਰਾ,
ਨੀਵੇਂ ਬੀਜੀ ਜਵਾਰ।
ਬਾਜਰਾ ਸਾਉਣੀ ਦੀ ਫ਼ਸਲ ਹੈ। ਸਾਉਣ ਵਿੱਚ ਆਉਣ ਵਾਲੀਆਂ ਤੀਆਂ ਸਮੇਂ ਬਾਜਰਾ ਹਰਾ ਭਰਾ ਅਤੇ ਆਪਣੀ ਹੋਂਦ ਵਿਖਾਉਣ ਵਾਲਾ ਹੁੰਦਾ ਹੈ। ਇਸ ਕਰਕੇ ਤੀਆਂ ਨਾਲ ਬਾਜਰੇ ਦਾ ਸਬੰਧ ਕੁਝ ਇਸ ਤਰ੍ਹਾਂ ਜੋੜਿਆ ਜਾਂਦਾ:
ਰੁੱਤ ਗਿੱਧੇ ਪਾਉਣ ਦੀ ਆਈ।
ਲੱਕ ਲੱਕ ਹੋਏ ਬਾਜਰੇ।
ਖੁਰਾਕੀ ਮੱਹਤਵ ਦੇ ਨਾਲ ਨਾਲ ਬਾਜਰਾ ਆਰਥਿਕ ਪੱਖ ਤੋਂ ਵੀ ਅਹਿਮ ਫਸਲ ਰਹੀ ਹੈ। ਇਸ ਫ਼ਸਲ ਨੂੰ ਵੇਚ ਕੇ ਕਿਸਾਨ ਆਪਣੀਆਂ ਗੌਂ ਗਰਾਜਾਂ ਅਤੇ ਕਬੀਲਦਾਰੀ ਦੀਆਂ ਲੋੜਾਂ ਦੀ ਪੂਰਤੀ ਕਰਦਾ ਰਿਹਾ ਹੈ। ਉਸਦੇ ਬਹੁਤ ਸਾਰੇ ਸੁਪਨੇ ਸੱਧਰਾਂ ਇਸ ਫਸਲ ਨਾਲ ਜੁੜੇ ਹੁੰਦੇ। ਕੁਝ ਕੁਝ ਅਜਿਹਾ ਹੋਣ ਕਾਰਨ ਹੀ ਕਿਸਾਨ ਦੀ ਘਰਵਾਲੀ ਨੂੰ ਵੀ ਆਪਣੇ ਸ਼ੌਕ ਪੂਰੇ ਕਰਨ ਲਈ ਬਾਜਰੇ ਦੀ ਫ਼ਸਲ ਆਉਣ ਦੀ ਉਡੀਕ ਬੜੀ ਬੇਸਬਰੀ ਨਾਲ ਹੁੰਦੀ:
ਰੀਝ ਲੌਂਗ ਦੀ ਦਿਲ ਵਿੱਚ ਮੇਰੇ
ਬਾਜਰੇ ਨੇ ਲਾਈਆਂ ਦੇਰੀਆਂ।
ਜਦੋਂ ਬਾਜਰੇ ਦੇ ਸਿੱਟਿਆਂ ਵਿੱਚ ਦਾਣੇ ਪੈਣੇ ਸ਼ੁਰੂ ਹੋ ਜਾਂਦੇ ਤਾਂ ਇਸ ਉੱਪਰ ਚਿੜੀਆਂ, ਤੋਤਿਆਂ ਦੇ ਹਮਲੇ ਵੀ ਸ਼ੁਰੂ ਹੋ ਜਾਂਦੇ। ਕਿਸਾਨਾਂ ਵੱਲੋਂ ਆਪਣੇ ਬਾਜਰੇ ਦੀ ਰਾਖੀ ਲਈ ਬਾਜਰੇ ਦੇ ਵਿਚਕਾਰ ਮਨ੍ਹਾ ਬਣਾਇਆ ਜਾਂਦਾ। ਇਸ ਉੱਪਰ ਚੜ੍ਹ ਕੇ ਕਿਸਾਨ ਬਾਜਰੇ ਦੀ ਰਖਵਾਲੀ ਕਰਦੇ। ਇਸ ਦੇ ਨਾਲ ਗੋਪੀਆ ਵੀ ਉਸਦਾ ਇਸ ਸਮੇਂ ਖਾਸ ਹਥਿਆਰ ਹੁੰਦਾ। ਅਜਿਹੇ ਪੱਖਾਂ ਦਾ ਵੀ ਲੋਕ ਬੋਲੀਆਂ, ਗੀਤਾਂ ਵਿੱਚ ਵਰਨਣ ਕੁਝ ਇਸ ਤਰ੍ਹਾਂ ਮਿਲਦਾ ਹੈ:
ਸਾਉਣ ਮਹੀਨੇ ਮੀਂਹ ਪੈ ਗਿਆ,
ਹਲ਼ ਜੋੜ ਕੇ ਜਾਈਂ।
ਦਸ ਘੁੰਮਾ ਵਾਹਣ ਆਪਣਾ,
ਬਾਜਰਾ ਬੀਜ ਕੇ ਆਈਂ।
ਨੱਕਿਆਂ ਦਾ ਤੂੰ ਫਿਕਰ ਨਾ ਕਰੀਂ,
ਨੱਕੇ ਮੋੜੂੰ ਮੈਂ ਤੜਕੇ।
ਵੀਰ ਨੂੰ ਵੀਰ ਮਿਲੇ,
ਵੱਟ ‘ਤੇ ਗੋਪੀਆ ਧਰ ਕੇ।
ਸਹੀ ਰਖਵਾਲੀ ਨਾ ਕਰਨ ਵਾਲੇ ਕਿਸਾਨ ਦੇ ਬਾਜਰੇ ਨੂੰ ਚਿੜੀਆਂ ਅਤੇ ਦੂਸਰੇ ਪੰਛੀ ਕਾਫੀ ਨੁਕਸਾਨ ਪਹੁੰਚਾਉਂਦੇ। ਅਜਿਹੇ ਪੱਖ ਨੂੰ ਵੀ ਲੋਕ ਬੋਲੀਆਂ, ਗੀਤਾਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈ:
ਚਿੜੀਆਂ ਤਾਂ ਚੁਗਿਆ ਬਾਜਰਾ
ਕਾਵਾਂ ਨੇ ਖਾਧੀ ਜੀ ਜਵਾਰ।
ਬਾਜਰੇ ਦੀ ਸਾਂਭ ਸੰਭਾਲ ਨਾਲ ਸਬੰਧਤ ਦੂਸਰੇ ਪੱਖਾਂ ਦੇ ਨਾਲ ਨਾਲ ਪੰਛੀਆਂ ਤੋਂ ਰਖਵਾਲੀ ਵੀ ਜ਼ਰੂਰੀ ਹੁੰਦੀ। ਬਾਜਰੇ ਦੀ ਰਖਵਾਲੀ ਲਈ ਕਿਸਾਨ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਵੀ ਲੈਂਦਾ। ਪਰ ਕਈ ਵਾਰ ਕਿਸੇ ਕਿਸਾਨ ਦੀ ਪਤਨੀ ਵੱਲੋਂ ਅਜਿਹਾ ਨਾ ਕਰਨ ਦਾ ਕਾਰਨ ਕੁਝ ਇਸ ਤਰ੍ਹਾਂ ਦੱਸਦਿਆਂ ਜਵਾਬ ਕੁਝ ਇਸ ਤਰ੍ਹਾਂ ਦਿੱਤਾ ਜਾਂਦਾ:-
ਤੇਰੇ ਬਾਜਰੇ ਦੀ ਰਾਖੀ,
ਅੜਿਆ ਮੈਂ ਨਾ ਬਹਿੰਦੀ ਵੇ।
ਜੇ ਤਾੜੀ ਮਾਰ ਉਡਾਵਾਂ,
ਮੇਰੀ ਮਹਿੰਦੀ ਲਹਿੰਦੀ ਵੇ।
ਲੋਕ ਗੀਤਾਂ, ਲੋਕ ਬੋਲੀਆਂ ਵਿੱਚ ਅਨੇਕਾਂ ਪੱਖਾਂ ਤੋਂ ਬਾਜਰੇ ਦਾ ਵਰਨਣ ਮਿਲਦਾ ਹੈ। ਪ੍ਰਤੀਕਤਮਕ ਰੂਪ ਵਿੱਚ ਬਾਜਰੇ ਦਾ ਜ਼ਿਕਰ ਗੀਤਾਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਆਉਂਦਾ ਹੈ:
ਮੇਰਾ ਬਾਜਰਾ ਭੈਣੋ
ਨੀਂ ਰਾਤੀਂ ਰੰਗ ਮਹੱਲ ਖਿੜਿਆ।
ਜਿਹੜੀ ਕੀੜੀਓ ਛੰਡਣ ਲੱਗੀ
ਉੱਡ ਉੱਡ ਨਾਸੀਂ ਚੜ੍ਹਿਆ।
ਬਾਜਰੇ ਦੀ ਪੰਛੀਆਂ ਤੋਂ ਰਖਵਾਲੀ ਕਰਨ ਲਈ ਬਣਾਏ ਮਨ੍ਹੇ ‘ਤੇ ਬੈਠਣ ਦਾ ਵੀ ਆਪਣਾ ਹੀ ਆਨੰਦ ਸੀ। ਰਖਵਾਲੀ ਦੇ ਨਾਲ ਨਾਲ ਮਨ੍ਹਾ ਉੱਪਰ ਬੈਠ ਕੇ ਨਜ਼ਾਰੇ ਮਾਨਣ ਦਾ ਜ਼ਰੀਆ ਵੀ ਸਾਬਤ ਹੁੰਦਾ। ਮਨ੍ਹੇ ‘ਤੇ ਬੈਠਣ ਵਾਲਿਆ ਦੇ ਨਾਲ ਗੱਲਾਂ ਬਾਤਾਂ ਵਿੱਚ ਕਬੀਲਦਾਰੀ ਵਰਗੇ ਗੰਭੀਰ ਵਿਸ਼ਿਆਂ ਦੇ ਨਾਲ ਨਾਲ ਪ੍ਰਸੰਸਾ, ਸਿਫਤਾਂ ਵਰਗੇ ਪੱਖ ਵੀ ਭਾਰੂ ਰਹਿੰਦੇ। ਅਜਿਹੇ ਪੱਖ ਦਾ ਵਰਨਣ ਲੋਕ ਗੀਤਾਂ, ਲੋਕ ਬੋਲੀਆਂ ਵਿੱਚ ਪੇਸ਼ ਕੀਤਾ ਕੁਝ ਇਸ ਤਰ੍ਹਾਂ ਮਿਲਦਾ ਹੈ:
ਬਾਜਰਾ ਤਾਂ ਸਾਡਾ ਜਵਾਨ ਹੋ ਗਿਆ
ਜਾਵੇ ਮੂੰਗੀ ਵੀ ਫਲਦੀ।
ਪਹਿਨ ਪੱਚਰ ਕੇ ਰਾਖੀ ਨੂੰ ਆਈ
ਠੁਮਕ ਠੁਮਕ ਪੱਬ ਵੱਟਾਂ ‘ਤੇ ਧਰਦੀ।
ਸਿਫਤਾਂ ਢੋਲ ਦੀਆਂ,
ਬੈਠ ਮਨ੍ਹੇ ‘ਤੇ ਕਰਦੀ।
ਬਾਜਰਾ ਆਪਣੇ ਆਰਥਿਕ ਮਹੱਤਵ ਦੇ ਨਾਲ ਨਾਲ ਕਾਰਬੋਹਾਈਡ੍ਰੇਟ, ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਫਾਸਫੋਰਸ, ਫਾਈਬਰ, ਵਿਟਾਮਿਨ, ਐਂਟੀਆਕਸਾਈਡ ਵਰਗੇ ਪੋਸ਼ਕ ਤੱਤਾਂ ਅਤੇ ਸੂਖਮ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਾਜਰਾ ਸ਼ੂਗਰ, ਦਿਲ ਦੇ ਰੋਗਾਂ ਤੋਂ ਲਾਭਕਾਰੀ, ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਪਾਚਨ ਸ਼ਕਤੀ ਵਧਾਉਂਦਾ ਹੈ, ਖ਼ੂਨ ਦੀ ਕਮੀ ਪੂਰੀ ਕਰਦਾ ਹੈ। ਤਾਜ਼ਾ ਖੋਜਾਂ ਦੇ ਅਨੁਸਾਰ ਬਾਜਰਾ ਕੈਂਸਰ ਰੋਗ ਤੋਂ ਬਚਾਅ ਲਈ ਵੀ ਉਪਯੋਗੀ ਮੰਨਿਆ ਗਿਆ ਹੈ। ਇਸ ਦੇ ਨਾਲ ਨਾਲ ਬਾਜਰੇ ਦੇ ਸਿੱਟੇ ਵੱਢਣ ਤੋਂ ਬਾਅਦ ਬਾਕੀ ਬਚਦੇ ਟਾਂਡੇ ਪਸ਼ੂਆਂ ਦੀ ਚੰਗੀ ਖੁਰਾਕ ਹਨ। ਇਨ੍ਹਾਂ ਨੂੰ ਪੂਸ਼ਆਂ ਦੇ ਹਰੇ ਚਾਰੇ ਦੇ ਰੂਪ ਵਿੱਚ ਵਰਤਣ ਦੇ ਨਾਲ ਨਾਲ ਸੁਕਾ ਕੇ ਵੀ ਚਾਰੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਬਾਜਰੇ ਦੇ ਸਿੱਟੇ, ਤੂਤੜਾਂ, ਟਾਂਡੇ ਆਦਿ ਦਾ ਵੱਖ ਵੱਖ ਤਰੀਕਿਆਂ ਨਾਲ ਵਰਨਣ ਬਾਤਾਂ, ਬੁਝਾਰਤਾਂ, ਲੋਕਗੀਤਾਂ, ਲੋਕ ਸਾਹਿਤ ਆਦਿ ਵਿੱਚ ਮਿਲਦਾ ਹੈ।
ਸੰਪਰਕ: 81469-24800