ਲਾਹੌਰ, 27 ਅਪਰੈਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸਰਕਾਰ ਦੇ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਵਿਦੇਸ਼ੀ ਏਜੰਸੀਆਂ ਤੋਂ ਖ਼ਤਰਾ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਵਿਚਲੇ ਛੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਇਨ੍ਹਾਂ ਵਿੱਚ ਤਿੰਨ ਨਵੇਂ ਚਿਹਰੇ ਵੀ ਸ਼ਾਮਲ ਹਨ। ਇਕ ਨਵੀਂ ਵੀਡੀਓ ਦੀ ਗੱਲ ਕਰਦਿਆਂ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਵੱਲੋਂ ਵਿਦੇਸ਼ ਰਹਿੰਦੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਵੀਡੀਓ ਭੇਜ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਉਨ੍ਹਾਂ ਵਿਅਕਤੀਆਂ ਦੀ ਗੱਲ ਕੀਤੀ ਗਈ ਹੈ ਜਿਹੜੇ ਕਿ ਖਾਨ ਦੀ ਹੱਤਿਆ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਨ੍ਹਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਇਹ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਨੇ ਅੱਜ ਕੀਤੇ ਟਵੀਟਾਂ ਦੀ ਇਕ ਲੜੀ ਵਿੱਚ ਕਿਹਾ, ”ਇਨ੍ਹਾਂ ਛੇ ਵਿਅਕਤੀਆਂ ‘ਚੋਂ ਤਿੰਨ ਉਹ ਹਨ ਜਿਨ੍ਹਾਂ ਦਾ ਨਾਂ ਮੈਂ ਪਿਛਲੇ ਸਾਲ ਨਵੰਬਰ ‘ਚ ਪੰਜਾਬ ਵਿੱਚ ਮੇਰੇ ‘ਤੇ ਹੋਏ ਕਾਤਲਾਨਾ ਹਮਲੇ ਸਬੰਧੀ ਦਰਜ ਐੱਫਆਈਆਰ ‘ਚ ਵੀ ਲਿਆ ਸੀ।” -ਪੀਟੀਆਈ