ਲਖਨਊ, 1 ਮਈ
ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ ਤੇ ਉਸ ਦੇ ਸਾਥੀ ਟੀਮ ਮੈਂਬਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਲੱਗੀਆਂ ਗੰਭੀਰ ਸੱਟਾਂ ਕਰਕੇ ਦੋਵਾਂ ਦੇ ਇੰਗਲੈਂਡ ਵਿੱਚ ਓਵਲ ਦੇ ਮੈਦਾਨ ‘ਤੇ 7 ਤੋਂ 11 ਜੂਨ ਨੂੰ ਆਸਟਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਬਾਹਰ ਹੋਣ ਦਾ ਖ਼ਦਸ਼ਾ ਹੈ। ਸੀਨੀਅਰ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਾਹੁਲ ਨੂੰ ਰੌਇਲ ਚੈਲੰਜਰਜ਼ ਬੰਗਲੌਰ ਖਿਲਾਫ਼ ਖੇਡੇ ਆਈਪੀਐੱਲ ਦੇ ਮੈਚ ਦੌਰਾਨ ਅੱਜ ਸੱਜੇ ਪੱਟ ‘ਤੇ ਸੱਟ ਲੱਗੀ ਹੈ। ਇਸ ਤੋਂ ਪਹਿਲਾਂ ਰਾਹੁਲ ਦਾ ਟੀਮ ਮੈਂਬਰ ਉਨਾਦਕਟ ਨੈੱਟ ਪ੍ਰੈਕਟਿਸ ਦੌਰਾਨ ਬੁਰੀ ਤਰ੍ਹਾਂ ਡਿੱਗਣ ਕਰਕੇ ਆਪਣੇ ਖੱਬੇ ਮੋਡੇ ‘ਤੇ ਸੱਟ ਲੁਆ ਬੈਠਾ ਸੀ। ਉਨਾਦਕਟ ਇਸ ਵੇੇਲੇ ਦਰਦ ਵਿੱਚ ਹੈ ਤੇ ਟੀਮ ਫਿਜ਼ੀਓ ਵੱਲੋਂ ਉਸ ਦੇ ਜ਼ਖ਼ਮੀ ਮੋਡੇ ‘ਤੇ ਬਰਫ ਨਾਲ ਟਕੋਰ ਕੀਤੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਰਾਹੁਲ ਨੂੰ ਜੇਕਰ ਪਹਿਲੇ ਜਾਂ ਦੂਜੇ ਦਰਜੇ ਦੀ ਸੱਟ ਲੱਗੀ ਹੋਈ ਤਾਂ ਉਹ ਛੇ ਤੋਂ ਅੱਠ ਹਫ਼ਤੇ ਲਈ ਮੈਦਾਨ ‘ਚੋਂ ਬਾਹਰ ਹੋ ਸਕਦਾ ਹੈ। ਭਾਰਤੀ ਟੀਮ ਨੇ ਅਜੇ ਤੱਕ ਡਬਲਿਊਟੀਸੀ ਫਾਈਨਲ ਲਈ ਸਟੈਂਡ-ਬਾਇ ਲਿਸਟ ਨਹੀਂ ਬਣਾਈ। -ਪੀਟੀਆਈ