ਤਾਸ਼ਕੰਦ, 10 ਮਈ
ਭਾਰਤੀ ਮੁੱਕੇਬਾਜ਼ ਦੀਪਕ ਭੌਰੀਆ (21 ਕਿਲੋ) ਅਤੇ ਮੁਹੰਮਦ ਹੁਸਾਮੂਦੀਨ (57) ਕਿਲੋ ਨੇ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਨਾਲ-ਨਾਲ ਦੋ ਤਗ਼ਮੇ ਪੱਕੇ ਕਰ ਲਏ ਹਨ। ਦੋ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਹੁਸਾਮੂਦੀਨ ਨੂੰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਕਾਫ਼ੀ ਮਿਹਨਤ ਕਰਨੀ ਪਈ ਕਿਉਂਕਿ ਉਸ ਦਾ ਮੁਕਾਬਲਾ ਬੁਲਗਾਰੀਆ ਦੇ ਜੇ. ਡਿਆਜ਼ ਇਬਾਨੇਜ਼ ਨਾਲ ਸੀ, ਜਿਸ ਨੂੰ ਉਸ ਨੇ ਕਰੀਬੀ ਮੁਕਾਬਲੇ ਵਿੱਚ 4-3 ਨਾਲ ਹਰਾਇਆ। ਇਸੇ ਤਰ੍ਹਾਂ ਦੀਪਕ ਕਿਰਗਿਜ਼ਸਤਾਨ ਦੇ ਨੂਰਜ਼ਿਗਿਤ ਡਿਊਸ਼ੇਬੇਵ ਨੂੰ 5-0 ਨਾਲ ਹਰਾ ਕੇ ਫਲਾਈਵੇਟ ਵਰਗ ਵਿੱਚ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਣ ਵਿੱਚ ਕਾਮਯਾਬ ਰਿਹਾ। ਉਸ ਦਾ ਇਹ ਭਾਰ ਵਰਗ ਮੁਕਾਬਲਾ ਪੈਰਿਸ ਓਲੰਪਿਕ ਦਾ ਵੀ ਹਿੱਸਾ ਹੈ। ਭਾਰਤੀ ਖਿਡਾਰੀ ਦੀ ਖੇਡ ਇੰਨੀ ਜਬਰਦਸਤ ਸੀ ਕਿ ਰੈਫਰੀ ਨੂੰ ਡਿਊਸ਼ੇਬੇਵ ਲਈ ਦੋ ਵਾਰ ਗਿਣਤੀ ਕਰਨੀ ਪਈ। ਮੈਚ ਦੌਰਾਨ 0-5 ਨਾਲ ਪੱਛੜ ਰਹੇ ਡਿਊਸ਼ੇਬੇਵ ਨੇ ਦੂਜੇ ਗੇੜ ਦੀ ਸ਼ੁਰੂਆਤ ਹਮਲਾਵਰ ਰੁਖ਼ ਨਾਲ ਕੀਤੀ ਪਰ ਦੀਪਕ ਨੇ ਠੋਸ ਬਚਾਅ ਕਰਦਿਆਂ ਮੁੱਕਿਆਂ ਦੇ ਸੁਮੇਲ ਨਾਲ ਉਸ ਨੂੰ ਮੋੜਵਾਂ ਜਵਾਬ ਦਿੱਤਾ। ਦੋ ਸ਼ੁਰੂਆਤੀ ਰਾਊਂਡ ਜਿੱਤਣ ਮਗਰੋਂ ਦੀਪਕ ਨੇ ਆਖ਼ਰੀ ਤਿੰਨ ਮਿੰਟ ਬੜੇ ਧਿਆਨ ਨਾਲ ਖੇਡੇ। ਉਸ ਨੂੰ ਜਦੋਂ ਵੀ ਮੌਕਾ ਮਿਲਿਆ, ਉਸ ਨੇ ਬੜੀ ਹੁਸ਼ਿਆਰੀ ਨਾਲ ਵਿਰੋਧੀ ਖਿਡਾਰੀ ‘ਤੇ ਦਾਅ ਖੇਡਿਆ। -ਪੀਟੀਆਈ