ਨਵੀਂ ਦਿੱਲੀ, 15 ਮਈ
ਇਥੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਾ ਕਰਨ ਖ਼ਿਲਾਫ਼ ਵਿਦੇਸ਼ਾਂ ਤੋਂ ਉਲੰਪਿਕ ਤਮਗਾ ਜੇਤੂਆਂ ਅਤੇ ਖਿਡਾਰੀਆਂ ਨਾਲ ਸੰਪਰਕ ਕਰਕੇ ਆਪਣੇ ਅੰਦੋਲਨ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਪਹਿਲਵਾਨਾਂ ਨੇ ਅੱਜ ਕਿਹਾ ਕਿ ਅੰਦੋਲਨ ਬਾਰੇ ਵੱਡਾ ਫੈਸਲਾ 21 ਮਈ ਤੋਂ ਬਾਅਦ ਲਿਆ ਜਾਵੇਗਾ।
ਜਕਾਰਤਾ ਏਸ਼ੀਆਈ ਖੇਡਾਂ 2018 ਦੀ ਸੋਨ ਤਮਗਾ ਜੇਤੂ ਵਿਨੇਸ਼ ਨੇ ਕਿਹਾ, ‘ਅਸੀਂ ਇਸ ਲੜਾਈ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਵਾਂਗੇ। ਅਸੀਂ ਦੂਜੇ ਦੇਸ਼ਾਂ ਦੇ ਉਲੰਪੀਅਨਾਂ ਅਤੇ ਉਲੰਪਿਕ ਤਮਗਾ ਜੇਤੂਆਂ ਨਾਲ ਸੰਪਰਕ ਕਰਾਂਗੇ। ਅਸੀਂ ਉਨ੍ਹਾਂ ਦਾ ਸਮਰਥਨ ਮੰਗਣ ਲਈ ਉਨ੍ਹਾਂ ਨੂੰ ਪੱਤਰ ਲਿਖਾਂਗੇ।’ ਉਸ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਐਤਵਾਰ ਰਾਤ ਨੂੰ ਪ੍ਰਦਰਸ਼ਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਧਰਨੇ ਵਾਲੀ ਥਾਂ ‘ਤੇ ਪਹਿਲਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਵਿਨੇਸ਼ ਨੇ ਕਿਹਾ, ”ਕੁਝ ਲੋਕਾਂ ਨੇ ਸਾਡੇ ਪ੍ਰਦਰਸ਼ਨ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੀ ਵਾਰ ਅਜਿਹਾ ਉਦੋਂ ਹੋਇਆ ਜਦੋਂ ਅਸੀਂ ਪ੍ਰਦਰਸ਼ਨ ਵਾਲੀ ਥਾਂ ‘ਤੇ ਬਿਸਤਰੇ ਲਿਆ ਰਹੇ ਸੀ। ਸਾਡਾ ਪਿੱਛਾ ਕੀਤਾ ਜਾ ਰਿਹਾ ਹੈ। ਲੋਕ ਰਿਕਾਰਡਿੰਗ ਕਰ ਰਹੇ ਹਨ ਅਤੇ ਤਸਵੀਰਾਂ ਲੈ ਰਹੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ, ਤਾਂ ਉਹ ਸਾਡੀ ਗੱਲ ਨਹੀਂ ਸੁਣਦੇ। ਕੁਝ ਅਣਪਛਾਤੇ ਲੋਕ (ਔਰਤਾਂ) ਵੀ ਇੱਥੇ (ਪਹਿਲਵਾਨਾਂ ਦੁਆਰਾ ਲਗਾਏ ਗਏ ਤੰਬੂਆਂ ਦੇ ਅੰਦਰ) ਸੌਣ ਦੀ ਕੋਸ਼ਿਸ਼ ਕਰ ਰਹੇ ਸਨ।’