ਐਡੀਲੇਡ, 18 ਮਈ
ਭਾਰਤੀ ਮਹਿਲਾ ਹਾਕੀ ਟੀਮ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਨਮੋਸ਼ੀਜਨਕ ਰਹੀ। ਮੇਜ਼ਬਾਨ ਟੀਮ ਨੇ ਅੱਜ ਇੱਥੇ ਮੇਟ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੂੰ 4-2 ਗੋਲਾਂ ਨਾਲ ਹਰਾ ਦਿੱਤਾ।
ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਨਾਕਾਮ ਰਹੀਆਂ, ਜਿਸ ਤੋਂ ਬਾਅਦ ਦੁਨੀਆਂ ਦੀ ਤੀਸਰੇ ਨੰਬਰ ਦੀ ਟੀਮ ਆਸਟਰੇਲੀਆ ਨੇ ਦੂਸਰੇ ਕੁਆਰਟਰ ਵਿੱਚ ਦੋ ਗੋਲਾਂ ਦੀ ਲੀਡ ਬਣਾਈ। ਇਸ ਦੌਰਾਨ ਪਲੇਠਾ ਮੈਚ ਖੇਡ ਰਹੀ ਐਸਲਿੰਗ ਯੂਟਰੀ (21ਵੇਂ ਮਿੰਟ) ਅਤੇ ਮੈਡੀ ਫਿੱਟਜ਼ਪੈਟ੍ਰਿਕ (27ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਤੀਸਰੇ ਕੁਆਰਟਰ ਵਿੱਚ ਐਲਿਸ ਆਰਨੋਟ ਨੇ 32ਵੇਂ ਮਿੰਟ ਅਤੇ ਕਰਟਨੀ ਸ਼ੋਨੇਲ ਨੇ 35ਵੇਂ ਮਿੰਟ ਵਿੱਚ ਗੋਲ ਕੀਤੇ। ਦੁਨੀਆਂ ਦੀ ਅੱਠਵੇਂ ਨੰਬਰ ਦੀ ਟੀਮ ਭਾਰਤ ਵੱਲੋਂ ਸੰਗੀਤਾ ਕੁਮਾਰੀ (29ਵੇਂ ਮਿੰਟ) ਅਤੇ ਸ਼ਰਮੀਲਾ ਦੇਵੀ (40ਵੇਂ ਮਿੰਟ) ਨੇ ਗੋਲ ਦਾਗ਼ੇ। -ਪੀਟੀਆਈ