ਸ਼ੰਘਾਈ: ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਰਿਕਰਵ ਵਰਗ ਦੇ ਭਾਰਤੀ ਤੀਰਅੰਦਾਜ਼ ਕੰਪਾਊਂਡ ਵਰਗ ਦੇ ਤੀਰਅੰਦਾਜ਼ਾਂ ਦੀ ਸ਼ਾਨਦਾਰ ਲੈਅ ਜਾਰੀ ਨਹੀਂ ਰੱਖ ਸਕੇ, ਜਿਸ ਨਾਲ ਅੱਜ ਭਾਰਤ ਦੀ ਮੁਹਿੰਮ ਤਿੰਨ ਤਗਮਿਆਂ (ਦੋ ਸੋਨੇ ਤੇ ਇੱਕ ਕਾਂਸੀ) ਨਾਲ ਦੂਜੇ ਸਥਾਨ ‘ਤੇ ਖਤਮ ਹੋਈ। ਭਾਰਤ ਨੇ ਇਸ ਗੇੜ ਵਿੱਚ ਆਪਣੇ ਸਾਰੇ ਤਗਮੇ ਕੰਪਾਊਂਡ ਵਰਗ ‘ਚ ਜਿੱਤੇ। ਕੋਰੀਆ ਪਹਿਲੇ ਸਥਾਨ ‘ਤੇ ਰਿਹਾ। ਤਰੁਨਦੀਪ ਰਾਏ, ਅਤਨੂ ਦਾਸ ਅਤੇ ਨੀਰਜ ਚੌਹਾਨ ਦੇ ਪਹਿਲੇ ਗੇੜ ‘ਚੋਂ ਬਾਹਰ ਹੋਣ ਮਗਰੋਂ ਭਾਰਤ ਦੀਆਂ ਉਮੀਦਾਂ ਉੱਭਰਦੇ ਤੀਰਅੰਦਾਜ਼ ਧੀਰਜ ਬੋਮਾਦੇਵਰਾ ‘ਤੇ ਟਿਕੀਆਂ ਹੋਈਆਂ ਸਨ ਪਰ ਕੋਰੀਆ ਦੇ ਓਹ ਜਿਨ ਹੋਕੇਅ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਉਸ ਨੂੰ 0-6 (29-30, 28-29, 29-30) ਨਾਲ ਹਰਾ ਦਿੱਤਾ। ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਧੀਰਜ ਅਤੇ ਸਿਮਰਨਜੀਤ ਕੌਰ ਦੀ ਜੋੜੀ ਪਹਿਲੇ ਸੈੱਟ ਦੀ ਲੀਡ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹੀ। ਇੰਡੋਨੇਸ਼ੀਆ ਦੀ ਜੋੜੀ ਨੇ ਉਨ੍ਹਾਂ ਨੂੰ 2-6 (39-35, 37-39, 37-38, 34-35) ਨਾਲ ਹਰਾ ਕੇ ਆਖ਼ਰੀ-16 ਦੇ ਗੇੜ ‘ਚੋਂ ਬਾਹਰ ਦਾ ਰਸਤਾ ਦਿਖਾਇਆ। ਇਸ ਵਰਗ ਵਿੱਚ ਕੋਈ ਵੀ ਭਾਰਤੀ ਤੀਰਅੰਦਾਜ਼ ਮੈਡਲ ਰਾਊਂਡ ਵਿੱਚ ਥਾਂ ਨਹੀਂ ਬਣਾ ਸਕਿਆ। -ਪੀਟੀਆਈ