ਐਡੀਲੇਡ, 21 ਮਈ
ਆਸਟਰੇਲੀਆ ਤੇ ਭਾਰਤ ਦੀ ਮਹਿਲਾ ਹਾਕੀ ਟੀਮ ਵਿਚਾਲੇ ਅੱਜ ਇੱਥੇ ਖੇਡਿਆ ਗਿਆ ਤੀਜਾ ਮੈਚ 1-1 ਨਾਲ ਡਰਾਅ ਰਿਹਾ। ਇਸ ਤਰ੍ਹਾਂ ਤਿੰਨ ਮੈਚਾਂ ਦੀ ਇਹ ਲੜੀ ਮੇਜ਼ਬਾਨ ਟੀਮ ਨੇ 2-0 ਨਾਲ ਜਿੱਤ ਲਈ ਹੈ। ਇਸ ਦੌਰਾਨ ਮੈਡੀ ਬਰੁਕਸ ਨੇ ਗੋਲ ਕਰ ਕੇ ਆਸਟਰੇਲੀਆ ਨੂੰ ਲੀਡ ਦਿਵਾਈ ਪਰ ਦੀਪ ਗਰੇਸ ਇੱਕਾ ਨੇ ਭਾਰਤ ਲਈ ਗੋਲ ਕਰ ਕੇ 1-1 ਨਾਲ ਬਰਾਬਰੀ ਕਰ ਲਈ। ਅੰਤ ਇਹ ਮੈਚ ਡਰਾਅ ਰਿਹਾ। ਇਸ ਤੋਂ ਪਹਿਲਾਂ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 2-4 ਅਤੇ ਦੂਜੇ ਮੈਚ ਵਿੱਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤ ਦਾ ਆਸਟਰੇਲੀਆ ‘ਏ’ ਨਾਲ ਮੁਕਾਬਲਾ 25 ਮਈ ਨੂੰ ਹੋਵੇਗਾ। ਇਸ ਮੈਚ ਦੌਰਾਨ ਭਾਰਤੀ ਟੀਮ ਦੀ ਕਪਤਾਨ ਸਵਿਤਾ ਨੇ 250 ਮੈਚ ਅਤੇ ਡਿਫੈਂਡਰ ਨਿੱਕੀ ਪ੍ਰਧਾਨ ਨੇ 150 ਕੌਮਾਂਤਰੀ ਮੈਚ ਖੇਡਣ ਦੀ ਉਪਲੱਬਧੀ ਹਾਸਲ ਕੀਤੀ। ਇੱਕ ਦਹਾਕੇ ਤੋਂ ਵੱਧ ਦੇ ਕਰੀਅਰ ਵਿੱਚ 32 ਸਾਲਾ ਸਵਿਤਾ ਅਰਜੁਨ ਐਵਾਰਡ ਸਮੇਤ ਕਈ ਪੁਰਸਕਾਰ ਜਿੱਤ ਚੁੱਕੀ ਹੈ। ਉਹ 2016 ਓਲੰਪਿਕ ਅਤੇ ਲੰਡਨ ਵਿੱਚ ਮਹਿਲਾ ਵਿਸ਼ਵ ਕੱਪ ‘ਚ ਖੇਡਣ ਵਾਲੀ ਟੀਮ ਦਾ ਹਿੱਸਾ ਰਹੀ ਹੈ। ਇਸ ਦੌਰਾਨ ਸਵਿਤਾ ਤੋਂ ਇਲਾਵਾ ਡਿਫੈਂਡਰ ਨਿੱਕੀ ਨੇ ਵੀ ਅੱਜ 150 ਕੌਮਾਂਤਰੀ ਮੈਚ ਖੇਡਣ ਦੀ ਉਪਲਬਧੀ ਹਾਸਲ ਕੀਤੀ। ਨਿੱਕੀ ਨੇ 2016 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਝਾਰਖੰਡ ਦੀ ਇਹ ਖਿਡਾਰਨ ਰੀਓ ਤੇ ਟੋਕੀਓ ਓਲੰਪਿਕ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੀ ਹੈ। -ਪੀਟੀਆਈ