ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਫਰਾਂਸ ਵਿੱਚ ਚੱਲ ਰਹੇ ਕਾਨ ਫ਼ਿਲਮ ਮੇਲੇ ਵਿੱਚ ਪਹਿਲੀ ਵਾਰ ਰੈੱਡ ਕਾਰਪੈੱਟ ‘ਤੇ ਪੈਰ ਧਰਨ ਦਾ ਇੰਤਜ਼ਾਰ ਅਖੀਰ ਖ਼ਤਮ ਹੋ ਗਿਆ ਹੈ ਕਿਉਂਕਿ ਉਹ ਅੱਜ ਮੁੰਬਈ ਤੋਂ ਫਰਾਂਸ ਲਈ ਰਵਾਨਾ ਹੋ ਗਈ ਹੈ। ਅਨੁਸ਼ਕਾ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ। ਉਸ ਨੇ ਕਾਲੇ ਰੰਗ ਦੀ ਟੋਪੀ ਲੈ ਕੇ ਗਲ ਵਿੱਚ ਬੈਗ ਪਾਇਆ ਹੋਇਆ ਸੀ। ਮੁੰਬਈ ਹਵਾਈ ਅੱਡੇ ‘ਤੇ ਫੋਟੋਗ੍ਰਾਫਰਾਂ ਨੇ ਅਦਾਕਾਰਾ ਦੀਆਂ ਤਸਵੀਰਾਂ ਵੀ ਖਿੱਚੀਆਂ। ਉਹ ਹਵਾਈ ਅੱਡੇ ਦੇ ਮੁੱਖ ਗੇਟ ‘ਚ ਦਾਖ਼ਲ ਹੋਣ ਤੱਕ ਫੋਟੋਗ੍ਰਾਫਰਾਂ ਨੂੰ ਹੱਥ ਹਿਲਾਉਂਦੀ ਦੇਖੀ ਗਈ। ਜਾਣਕਾਰੀ ਅਨੁਸਾਰ ਅਨੁਸ਼ਕਾ ਸ਼ਰਮਾ ਔਰਤਾਂ ਦੇ ਮਾਣ ‘ਚ ਹੋ ਰਹੇ ਕਾਨ ਫ਼ਿਲਮ ਮੇਲੇ-2023 ਵਿੱਚ ਹਾਜ਼ਰੀ ਭਰੇਗੀ। ਇਸ ਤੋਂ ਇਲਾਵਾ ਉਹ ਉੱਘੀ ਅਦਾਕਾਰਾ ਕੇਟ ਵਿੰਸਲੇਟ ਨੂੰ ਵੀ ਮਿਲੇਗੀ। ਅਨੁਸ਼ਕਾ ਸ਼ਰਮਾ ਸਿਨੇ ਜਗਤ ਦੀ ਅਜਿਹੀ ਸਦਾਬਹਾਰ ਅਦਾਕਾਰਾ ਹੈ, ਜਿਸ ਦੇ ਵਿਸ਼ਵ ਭਰ ਵਿੱਚ ਬਹੁਤ ਸਾਰੇ ਚਾਹੁਣ ਵਾਲੇ ਹਨ ਅਤੇ ਅਨੁਸ਼ਕਾ ਆਪਣੇ ਸਮਕਾਲੀ ਪ੍ਰਭਾਵਸ਼ਾਲੀ ਸਿਤਾਰਿਆਂ ਵਿੱਚ ਵੀ ਸ਼ੁਮਾਰ ਹੈ। ਭਾਰਤੀ ਸਿਨੇ ਜਗਤ ਵਿਚ ਅਨੁਸ਼ਕਾ ਦੀ ਸਫ਼ਲਤਾ ਦੀ ਕਹਾਣੀ ਮੂੰਹੋਂ ਬੋਲਦੀ ਹੈ। ਅਨੁਸ਼ਕਾ ਸ਼ਰਮਾ ਨੇ ਇੱਕ ਅਦਾਕਾਰਾ, ਉੱਦਮੀ ਅਤੇ ਫ਼ਿਲਮ ਨਿਰਮਾਤਾ ਵਜੋਂ ਆਪਣੀ ਵਿਸ਼ੇੋਸ਼ ਪਛਾਣ ਸਥਾਪਿਤ ਕੀਤੀ ਹੈ ਅਤੇ ਉਹ ਸਮਾਜ ਵਿੱਚ ਔਰਤ ਬਾਰੇ ਧਾਰਨਾਵਾਂ ਬਦਲਣਾ ਚਾਹੁੰਦੀ ਹੈ। -ਏਐੱਨਆਈ