ਮੁੰਬਈ: ‘ਗੈਂਗਜ਼ ਆਫ਼ ਵਾਸੇਪੁਰ’, ‘ਗੁਲਾਲ’, ‘ਦੇਵ.ਡੀ’, ‘ਅਗਲੀ’ ਆਦਿ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਅਨੁਰਾਗ ਕਸ਼ਯਪ ਦੀ ਧੀ ਅਲਾਇਆ ਨੇ ਆਪਣੇ ਪ੍ਰੇਮੀ ਸ਼ੇਨ ਗ੍ਰੈਗੋਇਰ ਨਾਲ ਮੰਗਣੀ ਕਰ ਲਈ ਹੈ। ਉਸ ਨੇ ਇਸ ਸਬੰਧੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇੰਡੋਨੇਸ਼ੀਆ ਦੇ ਬਾਲੀ ਵਿੱਚ ਖਿੱਚੀਆਂ ਗਈਆਂ ਹਨ। ਪਹਿਲੀ ਤਸਵੀਰ ਵਿੱਚ ਅਲਾਇਆ ਆਪਣੀ ਮੰਗਣੀ ਦੀ ਅੰਗੂਠੀ ਦਿਖਾ ਰਹੀ ਹੈ ਅਤੇ ਦੂਜੀ ਤਸਵੀਰ ਵਿੱਚ ਦੋਵੇਂ ਇਕ-ਦੂਜੇ ਨੂੰ ਗਲੇ ਮਿਲ ਰਹੇ ਹਨ। ਉਸ ਨੇ ਤਸਵੀਰ ਦੀ ਕੈਪਸ਼ਨ ਲਿਖਦਿਆਂ ਆਖਿਆ, ‘ਹੋਇਆ ਇੰਜ! ਮੇਰੇ ਸਭ ਤੋਂ ਚੰਗੇ ਮਿੱਤਰ, ਮੇਰੇ ਸਾਥੀ ਤੇ ਮੇਰੇ ਜਿਗਰੀ ਦੋਸਤ ਹੁਣ ਮੇਰੇ ਮੰਗੇਤਰ ਹੋਣਗੇ। ਤੁਸੀਂ ਮੇਰੀ ਜ਼ਿੰਦਗੀ ਦਾ ਪਿਆਰ ਹੋ। ਮੈਨੂੰ ਇਹ ਦਿਖਾਉਣ ਲਈ ਤੁਹਾਡਾ ਧੰਨਵਾਦ ਕਿ ਅਸਲ ਅਤੇ ਬਿਨਾਂ ਸ਼ਰਤ ਪਿਆਰ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਮੈਂ ਤੁਹਾਡੇ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ, ਮੇਰੇ ਪਿਆਰੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।’ ਦੂਜੇ ਪਾਸੇ ਫਿਲਮ ‘ਕੈਨੇਡੀ’ ਦੀ ਟੀਮ ਨਾਲ ਕਾਨ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਏ ਅਨੁਰਾਗ ਨੇ ਆਪਣੀ ਧੀ ਦੀਆਂ ਤਸਵੀਰਾਂ ਵੀ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ‘ਤੇ ਸਾਂਝੀਆਂ ਕਰਦਿਆਂ ਆਪਣੇ ਹੋਣ ਵਾਲੇ ਜਵਾਈ ਨੂੰ ਵਧਾਈਆਂ ਦਿੱਤੀਆਂ ਹਨ। ਉਸ ਨੇ ਕਿਹਾ ਕਿ ਅਲਾਇਆ ਵੱਡੀ ਹੋ ਗਈ ਹੈ ਤੇ ਹੁਣ ਉਸ ਦੀ ਮੰਗਣੀ ਹੋ ਗਈ ਹੈ। ਦੱਸਣਾ ਬਣਦਾ ਹੈ ਕਿ ਅਲਾਇਆ ਅਨੁਰਾਗ ਦੀ ਪਹਿਲੀ ਪਤਨੀ ਆਰਤੀ ਬਜਾਜ ਦੀ ਧੀ ਹੈ, ਜੋ ਕੰਮ ‘ਚ ਅਕਸਰ ਉਸ ਦੀ ਸਹਿਯੋਗੀ ਰਹੀ ਹੈ ਅਤੇ ਉਸ ਨੇ ਉਸ ਦੀਆਂ ਕਈ ਫਿਲਮਾਂ ਨੂੰ ਸੰਪਾਦਿਤ ਕੀਤਾ ਹੈ। -ਆਈਏਐੱਨਐੱਸ