ਚੇਨੱਈ, 22 ਮਈ
ਇੱਥੇ 13 ਤੋਂ 17 ਜੂਨ ਤੱਕ ਹੋਣ ਵਾਲੇ ਸਕੁਐਸ਼ ਵਿਸ਼ਵ ਕੱਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਸੌਰਵ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਕਰਨਗੇ। ਇਹ ਜਾਣਕਾਰੀ ਅੱਜ ਭਾਰਤੀ ਸਕੁਐਸ਼ ਰੈਕੇਟ ਫੈਡਰੇਸ਼ਨ (ਐੱਸਐੱਫਆਰਆਈ) ਨੇ ਦਿੱਤੀ। ਫੈਡਰੇਸ਼ਨ ਨੇ ਦੱਸਿਆ ਕਿ ਇਹ ਟੂਰਨਾਮੈਂਟ ਐਕਸਪ੍ਰੈੱਸ ਐਵੇਨਿਊ ਮਾਲ ਅਤੇ ਇੰਡੀਅਨ ਸਕੁਐਸ਼ ਐਂਡ ਟਰਾਇਥਲੋਨ ਅਕੈਡਮੀ (ਆਈਐੱਸਟੀਏ) ਵਿੱਚ ਹੋਵੇਗਾ।
ਟੂਰਨਾਮੈਂਟ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਹਾਂਗਕਾਂਗ, ਚੀਨ, ਜਪਾਨ, ਮਲੇਸ਼ੀਆ, ਮਿਸਰ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਕੋਲੰਬੀਆ ਭਾਗ ਲੈ ਰਹੇ ਹਨ। ਭਾਰਤ ਵਿੱਚ ਵਿਸ਼ਵ ਕੱਪ ਦਾ ਆਖਰੀ ਸੈਸ਼ਨ ਵੀ 2011 ਵਿੱਚ ਚੇਨੱਈ ‘ਚ ਹੀ ਹੋਇਆ ਸੀ।
ਐੱਸਐੱਫਆਰਆਈ ਦੇ ਪ੍ਰਧਾਨ ਐੱਨ ਰਾਮਚੰਦਰਨ ਨੇ ਕਿਹਾ, ”ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਚੇਨੱਈ ਇਕ ਵਾਰ ਫਿਰ 13 ਤੋਂ 17 ਜੂਨ ਤੱਕ ਵੱਕਾਰੀ ਐੱਸਡੀਏਟੀ-ਡਬਲਿਊਐੱਸਐੱਫ ਸਕੁਐਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਹ ਟੂਰਨਾਮੈਂਟ ਦਾ ਚੌਥਾ ਸੈਸ਼ਨ ਹੋਵੇਗਾ। ਇਸ ਵਾਰ ਟੂਰਨਾਮੈਂਟ ਵਿੱਚ ਲਿੰਗ ਸਮਾਨਤਾ ਅਤੇ ਅੰਕ ਪ੍ਰਣਾਲੀ ਵਿੱਚ ਸੁਧਾਰ ਕੀਤਾ ਗਿਆ ਹੈ। ਪਿਛਲੇ ਸੈਸ਼ਨ ਵਿੱਚ ਹਰੇਕ ਟੀਮ ‘ਚ ਦੋ ਪੁਰਸ਼ਾਂ ਅਤੇ ਇਕ ਮਹਿਲਾ ਦੇ ਮੁਕਾਬਲੇ ਇਸ ਵਾਰ ਦੋ ਪੁਰਸ਼ ਤੇ ਦੋ ਮਹਿਲਾ ਖਿਡਾਰੀ ਚੁਣੌਤੀ ਪੇਸ਼ ਕਰਨਗੇ। ਹਰੇਕ ਮੈਚ ‘ਬੈਸਟ ਆਫ ਫਾਈਵ ਗੇਮਜ਼’ ਦੇ ਰੂਪ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਆਗਾਜ਼ ਰਾਊਂਡ ਰੌਬਿਨ ਪੂਲ ਗੇੜ ਨਾਲ ਹੋਵੇਗਾ ਅਤੇ ਫਿਰ ਨੌਕਆਊਟ ਗੇੜ ਦੇ ਮੁਕਾਬਲੇ ਹੋਣਗੇ। ਘੋਸ਼ਾਲ, ਅਭੈ ਸਿੰਘ, ਜੋਸ਼ਨਾ ਤੇ ਤਨਵੀ ਖੰਨਾ ਭਾਰਤ ਦੀ ਨੁਮਾਇੰਦਗੀ ਕਰਨਗੇ। ਤਾਮਿਲਨਾਡੂ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਟੂਰਨਾਮੈਂਟ ਦੇ ਪ੍ਰਬੰਧਨ ਲਈ ਰਾਮਚੰਦਰਨ ਨੂੰ ਡੇਢ ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਕਿਹਾ ਕਿ ਐਕਸਪ੍ਰੈੱਸ ਐਵੇਨਿਊ ਮਾਲ ਦੇ ਸੈਂਟਰਲ ਸਟੇਡੀਅਮ ਨੂੰ ਖੇਡ ਮੁਤਾਬਕ ਬਣਾਇਆ ਜਾ ਸਕੇਗਾ, ਜਿੱਥੇ ਦਰਸ਼ਕ ਵੀ ਇਸ ਦਾ ਮਜ਼ਾ ਲੈ ਸਕਣਗੇ। -ਪੀਟੀਆਈ