ਦੁਬਈ, 22 ਮਈ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਬਠਿੰਡਾ ਦੇ ਅੰਪਾਇਰ ਜਤਿਨ ਕਸ਼ਯਪ ‘ਤੇ ਭ੍ਰਿਸ਼ਟਾਚਾਰ ਸਬੰਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਇਹ ਦੋਸ਼ ਆਈਸੀਸੀ ਵੱਲੋਂ 2022 ਵਿੱਚ ਹੋਏ ਕੌਮਾਂਤਰੀ ਮੈਚਾਂ ਦੀ ਜਾਂਚ ਕਰਨ ਮਗਰੋਂ ਲਗਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਤਿਨ ਕਸ਼ਯਪ ਨੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਮੈਚਾਂ ਵਿੱਚ ਅੰਪਾਇਰਿੰਗ ਕੀਤੀ ਹੈ, ਪਰ ਉਹ ਭਾਰਤੀ ਕ੍ਰਿਕਟ ਬੋਰਡ ਦੇ ਪੈਨਲ ਵਿੱਚ ਸ਼ਾਮਲ ਨਹੀਂ ਹੈ। ਜਤਿਨ ‘ਤੇ ਆਈਸੀਸੀ ਦੇ ਕੋਡ ਤਹਿਤ ਭ੍ਰਿਸ਼ਟ ਵਿਵਹਾਰ ਰੱਖਣ ਅਤੇ ਪੁੱਛੀ ਗਈ ਜਾਣਕਾਰੀ ਬਾਰੇ ਸਹੀ ਜਵਾਬ ਨਾ ਦੇ ਸਕਣ ਜਾਂ ਜਵਾਬ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਹੈ। ਆਈਸੀਸੀ ਵੱਲੋਂ ਜਾਰੀ ਬਿਆਨ ਅਨੁਸਾਰ ਜਤਿਨ ‘ਤੇ ਲਗਾਏ ਗਏ ਦੋਸ਼ਾਂ ਵਿੱਚ ਜਾਂਚ ਦੌਰਾਨ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ਜਾਂ ਦਸਤਾਵੇਜ਼ ਮੁਹੱਈਆ ਨਾ ਕਰਵਾ ਸਕਣਾ ਵੀ ਸ਼ਾਮਲ ਹੈ। ਏਸੀਯੂ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਅੜਿੱਕਾ ਬਣਨ ਜਾਂ ਜਾਂਚ ਵਿੱਚ ਦੇਰੀ ਕਰਵਾਉਣ ਦਾ ਦੋਸ਼ ਵੀ ਹੈ। ਬਿਆਨ ਅਨੁਸਾਰ ਲੋੜੀਂਦੀ ਜਾਣਕਾਰੀ ਨੂੰ ਲੁਕੋ ਕੇ ਰੱਖਣਾ ਜਾਂ ਉਸ ਨਾਲ ਛੇੜ-ਛਾੜ ਕਰਨਾ ਵੀ ਸ਼ਾਮਲ ਹੈ। ਇਹ ਕਾਰਵਾਈ ਸੱਟੇਬਾਜ਼ਾਂ ਜਾਂ ਹੋਰਨਾਂ ਸ਼ੱਕੀ ਵਿਅਕਤੀਆਂ ਨਾਲ ਜਤਿਨ ਕਸ਼ਯਪ ਦੇ ਸਬੰਧ ਹੋਣ ਦੀ ਸੰਭਾਵਨਾ ਤਹਿਤ ਕੀਤੀ ਗਈ ਹੋ ਸਕਦੀ ਹੈ। -ਪੀਟੀਆਈ