ਮੁੰਬਈ, 23 ਮਈ
ਇਥੋਂ ਦੀ ਪੁਲੀਸ ਨੇ ਕਿਹਾ ਹੈ ਕਿ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ, ਜਿਸ ਦੀ ਸੋਮਵਾਰ ਨੂੰ ਆਪਣੇ ਗੁਸਲਖਾਨੇ ‘ਚ ਲਾਸ਼ ਮਿਲੀ ਸੀ, ਉਹ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਉਸ ਦੀ ਮੌਤ ਕਥਿਤ ਤੌਰ ‘ਤੇ ਬਾਥਰੂਮ ਵਿੱਚ ਡਿੱਗਣ ਕਾਰਨ ਹੋਈ। ਮ੍ਰਿਤਕ ਅਭਿਨੇਤਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਲਈ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਅਦਾਕਾਰ ਦੀ ਮਾਂ ਵੀ ਮੰਗਲਵਾਰ ਸਵੇਰੇ ਹਸਪਤਾਲ ਪਹੁੰਚੀ। ਇਸ ਦੌਰਾਨ ਮੁੰਬਈ ਦੀ ਓਸ਼ੀਵਾਰਾ ਪੁਲੀਸ ਨੇ ਮਾਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ‘ਚ ਅਭਿਨੇਤਾ ਦਾ ਘਰੇਲੂ ਨੌਕਰ, ਪ੍ਰਾਈਵੇਟ ਡਾਕਟਰ ਅਤੇ ਚੌਕੀਦਾਰ ਸ਼ਾਮਲ ਹਨ। ਆਦਿਤਿਆ ਸਿੰਘ ਰਾਜਪੂਤ ਸੋਮਵਾਰ ਨੂੰ ਅੰਧੇਰੀ ਸਥਿਤ ਘਰ ‘ਤੇ ਮ੍ਰਿਤਕ ਪਾਇਆ ਗਿਆ। ਅਦਾਕਾਰ ਦੀ ਉਮਰ 32 ਸਾਲ ਸੀ। ਪੁਲੀਸ ਅਨੁਸਾਰ ਅਭਿਨੇਤਾ ਦੀ ਕਥਿਤ ਤੌਰ ‘ਤੇ ਬਾਥਰੂਮ ਵਿੱਚ ਤਿਲਕ ਕੇ ਡਿੱਗਣ ਨਾਲ ਮੌਤ ਹੋ ਗਈ। ਰਾਜਪੂਤ ਦੇ ਕੰਨ ਦੇ ਉੱਪਰ ਕੱਟ ਅਤੇ ਸਿਰ ਵਿੱਚ ਸੱਟ ਦੇ ਨਿਸ਼ਾਨ ਹਨ, ਜੋ ਡਿੱਗਣ ਕਾਰਨ ਲੱਗੇ ਹੋ ਸਕਦੇ ਹਨ। ਨੌਕਰ ਨੇ ਪੁਲੀਸ ਨੂੰ ਦੱਸਿਆ ਕਿ ਰਾਜਪੂਤ ਦੀ ਪਿਛਲੇ ਕੁੱਝ ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ। ਉਸ ਨੂੰ ਖੰਘ, ਜ਼ੁਕਾਮ ਅਤੇ ਉਲਟੀਆਂ ਸਨ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਪਾਰਟੀ ਵੀ ਰੱਖੀ ਸੀ ਪਰ ਪਾਰਟੀ ‘ਚ ਉਨ੍ਹਾਂ ਨੇ ਕੁਝ ਖਾਧਾ ਜਾਂ ਨਹੀਂ, ਇਸ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।