ਨਿਊ ਯਾਰਕ (ਅਮਰੀਕਾ), 13 ਜਨਵਰੀ
ਅਮਰੀਕਾ ਵਿਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਨੇ ਕਿਹਾ ਕਿ ਉਹ ਹਮਲੇ ਤੋਂ ਹੈਰਾਨ ਅਤੇ ਗੁੱਸੇ ਵਿਚ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀ ਨਫ਼ਰਤ ਭਰੀ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ। ਕੁੱਝ ਦਿਨ ਪਹਿਲਾਂ ਜੇਐੱਫਕੇ ਹਵਾਈ ਅੱਡੇ ‘ਤੇ ਸਿੱਖ ਟੈਕਸੀ ਡਰਾਈਵਰ ‘ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ ਸੀ ਅਤੇ ਉਸ ਨੂੰ ‘ਆਪਣੇ ਦੇਸ਼ ਪਰਤਣ’ ਲਈ ਕਿਹਾ ਸੀ। ਸਿੱਖ ਕੁਲੀਸ਼ਨ ਨੇ 3 ਜਨਵਰੀ ਨੂੰ ਬਿਆਨ ਵਿੱਚ ਕਿਹਾ ਕਿ ਨਿਊ ਯਾਰਕ ਸਿਟੀ ਦੇ ਵਸਨੀਕ ਟੈਕਸੀ ਚਾਲਕ ‘ਤੇ ਜੇਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਦੀ ਕੈਬ ਨੇੜੇ ਹਮਲਾ ਕੀਤਾ ਗਿਆ ਅਤੇ ਕੁੱਟਿਆ ਗਿਆ। ਸੰਗਠਨ ਨੇ ਆਪਣੇ ਬਿਆਨ ‘ਚ ਕਿਹਾ ਕਿ ਚਾਲਕ ਨੇ ਟਰਮੀਨਲ 4 ਟੈਕਸੀ ਸਟੈਂਡ ‘ਤੇ ਆਪਣੀ ਕੈਬ ਪਾਰਕ ਕੀਤੀ ਸੀ। ਫਿਰ ਕਿਸੇ ਹੋਰ ਡਰਾਈਵਰ ਨੇ ਉਨ੍ਹਾਂ ਦੀ ਗੱਡੀ ਰੋਕ ਲਈ। ਜਦੋਂ ਚਾਲਕ ਨੇ ਯਾਤਰੀ ਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਦੂਜੇ ਡਰਾਈਵਰ ਨੂੰ ਅੱਗੇ ਵਧਣ ਲਈ ਕਿਹਾ ਤਾਂ ਦੂਜੇ ਡਰਾਈਵਰ ਨੇ ਆਪਣੀ ਕਾਰ ਦੇ ਦਰਵਾਜ਼ੇ ਰਾਹੀਂ ਸਿੱਖ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਸਿੱਖ ਚਾਲਕ ਦੇ ਸਿਰ, ਛਾਤੀ ਅਤੇ ਬਾਹਾਂ ‘ਤੇ ਵਾਰ-ਵਾਰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਬਿਆਨ ਅਨੁਸਾਰ ਦੂਜੇ ਡਰਾਈਵਰ ਨੇ ਸਿੱਖ ਨੂੰ “ਪਗੜੀਧਾਰੀ” ਕਿਹਾ ਅਤੇ ਉਹ ਚੀਕ ਰਿਹਾ ਸੀ, ‘ਆਪਣੇ ਦੇਸ਼ ਵਾਪਸ ਜਾਓ।’