ਭੁਪਾਲ, 28 ਜਨਵਰੀ
ਟੈਲੀਵਿਜ਼ਨ ਅਭਿਨੇਤਰੀ ਸ਼ਵੇਤਾ ਤਿਵਾੜੀ ਵਿਰੁੱਧ ਇੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅੱਜ ਇਥੇ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਟਿੱਪਣੀ ਦੌਰਾਨ ਕਥਿਤ ਤੌਰ ‘ਤੇ ਭਗਵਾਨ ਦਾ ਜ਼ਿਕਰ ਕੀਤਾ ਸੀ। ਤਿਵਾੜੀ ਵਿਰੁੱਧ ਕਾਰਵਾਈ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੱਲੋਂ ਪੁਲੀਸ ਨੂੰ ਵਿਵਾਦਿਤ ਟਿੱਪਣੀ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਸ਼ਿਆਮਲਾ ਹਿੱਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ, ‘ਦੋ ਦਿਨ ਪਹਿਲਾਂ ਭੁਪਾਲ ‘ਚ ਵਿਵਾਦਿਤ ਬਿਆਨ ਦੇਣ ਲਈ ਸ਼ਵੇਤਾ ਤਿਵਾੜੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਆਈਪੀਸੀ ਦੀ ਧਾਰਾ 295 (ਏ) ਤਹਿਤ ਮਾਮਲਾ ਅੱਜ ਤੜਕੇ 2 ਵਜੇ ਦਰਜ ਕੀਤਾ ਗਿਆ ਹੈ। ਇਹ ਕੇਸ ਭੁਪਾਲ ਵਾਸੀ ਸੋਨੂੰ ਪ੍ਰਜਾਪਤੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।