ਚੰਡੀਗੜ੍ਹ: ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਨੈੱਟਫਲਿਕਸ ‘ਤੇ ਚੱਲ ਰਹੇ ਆਪਣੇ ਸਟੈਂਡਅਪ ਸ਼ੋਅ ‘ਆਇ ਐਮ ਨੌਟ ਡਨ ਯੈੱਟ’ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਕਈ ਅਜਿਹੇ ਕਿੱਸੇ ਸਾਂਝੇ ਕੀਤੇ ਹਨ, ਜਿਨ੍ਹਾਂ ਬਾਰੇ ਹਾਲੇ ਤੱਕ ਕੋਈ ਨਹੀਂ ਜਾਣਦਾ। ਇਨ੍ਹਾਂ ਵਿੱਚੋਂ ਇੱਕ ਅਜਿਹਾ ਕਿੱਸਾ ਹੈ ਜਦੋਂ ਰਾਤੀ ਤਿੰਨ ਵਜੇ ਉਹ ਸ਼ਾਹਰੁਖ ਖ਼ਾਨ ਦੇ ਘਰ ਚਲਾ ਗਿਆ। ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਸਭ ਤੋਂ ਵੱਡੀ ਗੱਲ ਕੇ ਉਹ ਬਿਨਾਂ ਬੁਲਾਇਆ ਮਹਿਮਾਨ ਸੀ। ਇਹ ਵਾਕਿਆ ਸਾਂਝਾ ਕਰਦਿਆਂ ਕਪਿਲ ਨੇ ਦੱਸਿਆ ਕਿ ਇੱਕ ਵਾਰ ਉਸ ਦੇ ਭਰਾ ਨੇ ‘ਮੰਨਤ’ ਦੇਖਣ ਦੀ ਇੱਛਾ ਜ਼ਾਹਰ ਕੀਤੀ। ਇਹ ਸੁਣਨ ਮਗਰੋਂ ਸ਼ਰਾਬੀ ਹੋਏ ਕਪਿਲ ਨੇ ਸ਼ਾਹਰੁਖ ਨਾਲ ਆਪਣੇ ਰਿਸ਼ਤੇ ਦੀਆਂ ਫੜ੍ਹਾਂ ਮਾਰਦਿਆਂ ਉਸ ਨੂੰ ਕਿਹਾ ਕਿ ਚਲੋ ਸ਼ਾਹਰੁਖ ਦੇ ਘਰ ਚੱਲਦੇ ਹਾਂ। ਕਪਿਲ ਨੇ ਦੱਸਿਆ, ‘ਅਸੀਂ ਉੱਥੇ ਗਏ, ਉੱਥੇ ਪਾਰਟੀ ਚੱਲ ਰਹੀ ਸੀ। ਮੇਨ ਗੇਟ ਖੁੱਲ੍ਹਾ ਸੀ ਤੇ ਮੈਂ ਆਪਣੀ ਪ੍ਰਸਿੱਧੀ ਦਾ ‘ਨਾਜਾਇਜ਼’ ਲਾਹਾ ਲੈਣ ਦੀ ਸੋਚੀ। ਮੈਂ ਆਪਣੇ ਡਰਾਈਵਰ ਨੂੰ ਕਾਰ ਅੰਦਰ ਲਿਜਾਣ ਲਈ ਕਿਹਾ। ਗੇਟ ‘ਤੇ ਖੜ੍ਹੇ ਸੁਰੱਖਿਆ ਗਾਰਡ ਨੇ ਮੇਰੀ ਸ਼ਕਲ ਵੇਖ ਕੇ ਸਾਨੂੰ ਅੰਦਰ ਜਾਣ ਦਿੱਤਾ। ਉਸ ਨੇ ਸੋਚਿਆ ਹੋਵੇਗਾ ਕਿ ਮੈਨੂੰ ਵੀ ਪਾਰਟੀ ਦਾ ਸੱਦਾ ਦਿੱਤਾ ਗਿਆ ਹੈ।’ ਕਪਿਲ ਨੇ ਕਿਹਾ, ‘ਅੰਦਰ ਵੜਦਿਆਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੈਂ ਗ਼ਲਤ ਗੱਲ ਕਰ ਲਈ ਹੈ ਤੇ ਇਸ ਵੇਲੇ ਬਿਨਾ ਸੱਦੇ ਤੋਂ ਮੇਰਾ ਇਥੇ ਹੋਣਾ ਠੀਕ ਨਹੀਂ। ਮੈਂ ਵਾਪਸ ਮੁੜਨ ਦੀ ਸੋਚੀ, ਪਰ ਉਸੇ ਵੇਲੇ ਸ਼ਾਹਰੁਖ ਖ਼ਾਨ ਦੇ ਮੈਨੇਜਰ ਨੇ ਆ ਕੇ ਸਾਨੂੰ ਅੰਦਰ ਆਉਣ ਲਈ ਕਿਹਾ। ਉਸ ਵੇਲੇ ਰਾਤ ਦੇ ਤਿੰਨ ਵਜੇ ਹੋਏ ਸਨ। ਮੈਨੂੰ ਧਿਆਨ ਆਇਆ ਕਿ ਮੈਂ ਉਸ ਵੇਲੇ ਸ਼ੌਰਟਸ ਤੇ ਸਨੀਕਰ ਪਾਏ ਹੋਏ ਸਨ।’ ਕਪਿਲ ਨੇ ਅੱਗੇ ਦੱਸਿਆ, ‘ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਇੱਕ ਕਮਰੇ ਵਿੱਚ ਗੌਰੀ ਭਾਬੀ ਆਪਣੀਆਂ ਤਿੰਨ-ਚਾਰ ਸਹੇਲੀਆਂ ਨਾਲ ਬੈਠੇ ਹੋਏ ਸਨ। ਉਨ੍ਹਾਂ ਨੂੰ ਲੱਗਿਆ ਕਿ ਸ਼ਾਹਰੁਖ ਨੇ ਜ਼ਰੂਰ ਮੈਨੂੰ ਵੀ ਸੱਦਿਆ ਹੋਵੇਗਾ। ਮੈਂ ਉਨ੍ਹਾਂ ਨੂੰ ਹੈਲੋ ਕਿਹਾ, ਉਨ੍ਹਾਂ ਮੈਨੂੰ ਦੱਸਿਆ ਕਿ ਸ਼ਾਹਰੁਖ ਅੰਦਰ ਹਨ। ਜਦੋਂ ਮੈਂ ਅੰਦਰ ਗਿਆ ਤਾਂ ਸ਼ਾਹਰੁਖ ਖ਼ਾਨ ਨੱਚ ਰਹੇ ਸਨ।’ ਕਪਿਲ ਨੇ ਦੱਸਿਆ, ‘ਮੈਂ ਸ਼ਾਹਰੁਖ ਵੱਲ ਗਿਆ ਤੇ ਕਿਹਾ, ਮੈਨੂੰ ਮੁਆਫ਼ ਕਰਨਾ ਵੱਡੇ ਭਰਾ, ਮੈਂ ਤੁਹਾਡੇ ਘਰ ਬਿਨਾਂ ਸੱਦੇ ਤੋਂ ਆਇਆ ਹਾਂ। ਮੇਰਾ ਭਰਾ ਆਇਆ ਹੋਇਆ ਹੈ ਤੇ ਉਹ ਤੁਹਾਡਾ ਘਰ ਵੇਖਣਾ ਚਾਹੁੰਦਾ ਸੀ। ਮੈਂ ਤੁਹਾਡੇ ਘਰ ਦਾ ਦਰਵਾਜ਼ਾ ਖੁੱਲ੍ਹਾ ਵੇਖਿਆ ਤੇ ਅੰਦਰ ਆ ਗਿਆ।” ਇਸ ਗੱਲ ਦੇ ਜਵਾਬ ਵਿੱਚ ਸ਼ਾਹਰੁਖ ਨੇ ਉਸ ਨੂੰ ਕਿਹਾ, ‘ਜੇਕਰ ਮੇਰੇ ਬੈੱਡਰੂਮ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਤਾਂ ਕੀ ਤੂੰ ਉਸ ਦੇ ਅੰਦਰ ਵੜਨ ਦੀ ਵੀ ਹਿੰਮਤ ਕਰਦਾ?’ ਕਪਿਲ ਨੇ ਕਿਹਾ ਕਿ ਸ਼ਾਹਰੁਖ ਉਸ ਨਾਲ ਬਿਲਕੁਲ ਵੀ ਨਾਰਾਜ਼ ਨਹੀਂ ਹੋਇਆ, ਸਗੋਂ ਉਸ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ। ਉਹ ਦੋਵੇਂ ਕਈ ਘੰਟੇ ਨੱਚਦੇ ਰਹੇ। ਕਪਿਲ ਨੇ ਦੱਸਿਆ ਕਿ ਉਸ ਰਾਤ ਪਾਰਟੀ ਖ਼ਤਮ ਹੋਣ ਮਗਰੋਂ ਉਹ ਆਖਰੀ ਸ਼ਖ਼ਸ ਸੀ, ਜੋ ਸ਼ਾਹਰੁਖ ਦੇ ਘਰੋਂ ਨਿਕਲਿਆ ਤੇ ਉਸ ਨੇ ਸ਼ਾਹ ਰੁਖ ਨਾਲ ਕਈ ਤਸਵੀਰਾਂ ਵੀ ਖਿੱਚੀਆਂ ਸਨ। -ਟ੍ਰਿਬਿਊਨ ਵੈੱਬ ਡੈਸਕ