ਰਮੇਸ਼ਵਰ ਸਿੰਘ ਪਟਿਆਲਾ
ਮੇਰਾ ਬਚਪਨ ਪਿੰਡ ਲੁਹਾਰ ਮਾਜਰਾ, ਜ਼ਿਲ੍ਹਾ ਸੰਗਰੂਰ ਵਿੱਚ ਬੀਤਿਆ ਹੈ। ਪ੍ਰਾਇਮਰੀ ਸਕੂਲ ਵਿੱਚ ਦਾਖਲਾ ਲਿਆ ਤਾਂ ਉੱਥੇ ਮਾਸਟਰ ਹਰਨੇਕ ਸਿੰਘ ਸੋਹੀ ਪੜ੍ਹਾਉਂਦੇ ਸਨ ਜੋ ਮੇਰੇ ਬਾਪੂ ਜੀ ਦੇ ਖਾਸ ਦੋਸਤ ਸਨ। ਮੈਂ ਉਨ੍ਹਾਂ ਨੂੰ ਸਿਰਫ਼ ਅਧਿਆਪਕ ਸਮਝਦਾ ਸੀ, ਪਰ ਸਾਡੇ ਸਕੂਲ ਵਿੱਚ ਮਿਲਣ ਆਏ ਕਰਮਜੀਤ ਧੂਰੀ ਜਦੋਂ ਕੋਈ ਗੀਤ ਸਾਨੂੰ ਸੁਣਾਉਣ ਲੱਗਦੇ ਤਾਂ ਦੱਸਦੇ ਇਹ ਤੁਹਾਡੇ ਮਾਸਟਰ ਜੀ ਦਾ ਲਿਖਿਆ ਹੋਇਆ ਹੈ। ਉਨ੍ਹਾਂ ਦੀ ਗੀਤਕਾਰੀ ਦਾ ਸਫ਼ਰ ਕਰਮਜੀਤ ਧੂਰੀ ਦੀ ਗਾਇਕੀ ਨਾਲ ਹੀ ਸ਼ੁਰੂ ਹੋਇਆ ਸੀ।
ਪੰਜਾਬਣ ਮੁਟਿਆਰਾਂ ਦਾ ਨਖਰਾ, ਪਹਿਰਾਵਾ ਤੇ ਖੁੱਲ੍ਹਾ ਸੁਭਾਅ ਉਨ੍ਹਾਂ ਦੇ ਗੀਤਾਂ ਦਾ ਖ਼ਾਸ ਹਿੱਸਾ ਰਿਹਾ ਹੈ। ਮੇਲਿਆਂ ਦਾ ਉਸ ਸਮੇਂ ਜ਼ਮਾਨਾ ਸੀ ਜੋ ਉਨ੍ਹਾਂ ਦੇ ਗੀਤਾਂ ਵਿੱਚ ਸਾਫ਼ ਝਲਕਦਾ ਹੈ- ‘ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀ’। ਇਹ ਗੀਤ ਕਰਮਜੀਤ ਧੂਰੀ ਨੇ ਗਾਇਆ ਸੀ। ਚਾਰ ਕੁ ਦਹਾਕੇ ਪਹਿਲਾਂ ਜਦੋਂ ਇੱਕ ਗੀਤ ਲਿਖਿਆ ਗਿਆ ਸੀ ਜੋ ਅੱਜਕੱਲ੍ਹ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਅਜੀਬ ਲੱਗੇ, ਪਰ ਇਹ ਉਸ ਸਮੇਂ ਦੀ ਹਕੀਕਤ ਸੀ ‘ਚੁੰਨੀ ਲੈ ਕੇ ਸੂਹੇ ਰੰਗ ਦੀ ਗੋਹਾ ਕੂੜਾ ਨਾ ਕਰੀਂ ਮੁਟਿਆਰੇ ਰੂੜੀਆਂ ਨੂੰ ਅੱਗ ਲੱਗ ਜੂ ਸਾਰੇ ਪਿੰਡ ਦੇ ਨਾ ਫੂਕਦੀ ਗਹਾਰੇ।’ ਹਰਨੇਕ ਸੋਹੀ ਦਾ ਜਨਮ ਪਿੰਡ ਬਨਭੌਰੀ, ਜ਼ਿਲ੍ਹਾ ਸੰਗਰੂਰ ਵਿੱਚ 23 ਮਈ 1937 ਨੂੰ ਹੋਇਆ ਸੀ। ਜਵਾਨੀ ਵਿੱਚ ਪੈਰ ਧਰਦੇ ਹੋਏ ਕਵਿਤਾਵਾਂ ਲਿਖਣ ਕਰਕੇ ਉਨ੍ਹਾਂ ਦਾ ਸਾਹਿਤ ਸਭਾ ਨਾਲ ਮੇਲ ਵਧ ਗਿਆ। ਉਸ ਸਮੇਂ ਸੰਗਰੂਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੀਤਕਾਰ ਗੁਰਦੇਵ ਸਿੰਘ ਮਾਨ ਨਾਲ ਉਨ੍ਹਾਂ ਦਾ ਮੇਲ ਮਿਲਾਪ ਹੋ ਗਿਆ। ਸੋਹੀ ਸਾਹਿਬ ਨੇ ਉਨ੍ਹਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਗੁਰਦਿਆਲ ਨਿਰਮਾਣ ਨੇ ਉਨ੍ਹਾਂ ਦੇ ਲਿਖੇ ਗੀਤ ‘ਮੁੰਡਾ ਸੋਨੇ ਦੇ ਤਬੀਤਾਂ ਵਾਲਾ ਅੱਡੇ ਖਾਨੇ ਭਾਲਦਾ ਫਿਰੇ’, ਗੁਰਦਿਆਲ ਨਿਰਮਾਣ ਤੇ ਨਰਿੰਦਰ ਬੀਬਾ ਨੇ ਦੋਗਾਣਾ ‘ਅੱਧੀ ਰਾਤੀਂ ਦਾਰੂ ਪੀ ਕੇ ਆ ਕੇ ਦਰ ਖੜਕਾਵੇ, ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇ’ ਨਸ਼ਿਆਂ ਦੀ ਵਿਰੋਧਤਾ ਕਰਦਾ ਕਮਾਲ ਦਾ ਗੀਤ ਸੀ।
ਉਨ੍ਹਾਂ ਦੇ ਕੁੱਲ 40 ਗੀਤ ਰਿਕਾਰਡ ਹੋਏ। ਜਿਨ੍ਹਾਂ ਨੂੰ ਕਰਮਜੀਤ ਧੂਰੀ, ਗੁਰਦਿਆਲ ਨਿਰਮਾਣ, ਸਵਰਨ ਲਤਾ, ਨਰਿੰਦਰ ਬੀਬਾ, ਰਣਬੀਰ ਰਾਣਾ, ਸੁਚੇਤ ਬਾਲਾ, ਸਤਵੀਰ ਢਿੱਲੋਂ, ਹਾਕਮ ਬਖਤੜੀਵਾਲਾ, ਦਲਜੀਤ ਕੌਰ ਤੇ ਦਰਸ਼ਨ ਫਰਵਾਹੀ ਨੇ ਮੁੱਖ ਰੂਪ ਵਿੱਚ ਆਵਾਜ਼ ਦਿੱਤੀ। ਉਨ੍ਹਾਂ ਨੇ ਆਪਣੇ ਗੀਤਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ‘ਤੇਰੀ ਅੱਖ ਨੇ ਸ਼ਰਾਰਤ ਕੀਤੀ’, ‘ਸੱਦੀ ਹੋਈ ਮਿੱਤਰਾਂ ਦੀ’ ਤੇ ‘ਕੱਤਣੀ ‘ਚ ਪੰਜ ਪੂਣੀਆਂ’। ਉਹ ਜੇ.ਬੀ.ਟੀ. ਟੀਚਰ ਭਰਤੀ ਹੋਏ ਸਨ ਤੇ ਬੀਪੀਈਓ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।
ਉਨ੍ਹਾਂ ਦੇ ਚਰਚਿਤ ਗੀਤਾਂ ਵਿੱਚ ਮੁੱਖ ਸਨ ”ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀ’, ‘ਲਿੱਪ ਲੈ ਭੜੋਲੇ ਗੋਰੀਏ ਬੰਬਾ ਟਿੱਬਿਆਂ ‘ਤੇ ਮਾਰਦਾ ਫਰਾਟੇ’। ਉਸ ਸਮੇਂ ਖੇਤਾਂ ਵਿੱਚ ਡੀਜ਼ਲ ਇੰਜਣ ਪਾਣੀ ਕੱਢਣ ਲਈ ਨਵੇਂ ਨਵੇਂ ਆਏ ਸਨ ਜਿਸ ਦੀ ਗਵਾਹੀ ਭਰਦਾ ਇਹ ਗੀਤ ਬੇਹੱਦ ਚਰਚਿਤ ਹੋਇਆ। ‘ਸੌਂ ਜਾ ਬਚਨ ਕੁਰੇ ਸਾਬ੍ਹ ਕਰਾਂਗੇ ਤੜਕੇ’ ਗੁਰਦਿਆਲ ਨਿਰਮਾਣ ਦਾ ਗਾਇਆ ਨਸ਼ਾ ਵਿਰੋਧੀ ਗੀਤ ਸੀ। ‘ਚੁੰਨੀ ਲੈ ਕੇ ਸੂਹੇ ਰੰਗ ਦੀ ਗੋਹਾ ਕੂੜਾ ਨਾ ਕਰੀਂ ਮੁਟਿਆਰੇ’ ਕਰਮਜੀਤ ਦਾ ਗਾਇਆ ਗੀਤ ਸੀ। ‘ਦਾਰੂ ਪੀਣਿਆਂ ਦੇ ਨਾਲ ਤੇਰਾ ਮੁੱਢ ਤੋਂ ਮੁਲਾਹਜ਼ਾਂ’ ਸੁਚੇਤ ਬਾਲਾ ਤੇ ਸਤਵੀਰ ਢਿੱਲੋਂ ਦਾ ਗਾਇਆ ਦੋਗਾਣਾ ਸੀ। ਇਹ ਸਾਰੇ ਗੀਤ ਮੰਜੇ ਜੋੜ ਕੇ ਲਾਏ ਲਾਊਡ ਸਪੀਕਰਾਂ ਵਿੱਚ ਬੇਹੱਦ ਪਸੰਦ ਕੀਤੇ ਜਾਂਦੇ ਸਨ। ਗੀਤਕਾਰਾਂ ਵਿੱਚੋਂ ਹਰਨੇਕ ਸਿੰਘ ਸੋਹੀ ਨੂੰ ਖਾਸ ਮਾਣ ਪ੍ਰਾਪਤ ਹੈ ਕਿ ਉਨ੍ਹਾਂ ਦੇ ਗੀਤ ਰੇਡੀਓ ਮਾਸਕੋ ਦੇ ਪੰਜਾਬੀ ਪ੍ਰੋਗਰਾਮ ਵਿੱਚ ਅਕਸਰ ਵੱਜਿਆ ਕਰਦੇ ਸਨ। 21 ਮਾਰਚ 2007 ਨੂੰ ਸੰਖੇਪ ਬਿਮਾਰੀ ਦੌਰਾਨ ਗੀਤਾਂ ਦਾ ਇਹ ਵਣਜਾਰਾ ਅਲਵਿਦਾ ਕਹਿ ਗਿਆ।
ਸੰਪਰਕ: 99148-80392