ਮੁੰਬਈ: ਬਰਤਾਨਵੀ ਸ਼ੋਅ ‘ਚੀਟ’ ‘ਤੇ ਆਧਾਰਿਤ ਭਾਰਤੀ ਸੀਰੀਜ਼ ‘ਮਿਥਿਆ’ ਦੇ ਨਿਰਦੇਸ਼ਕ ਰੋਹਨ ਸਿੱਪੀ ਦਾ ਕਹਿਣਾ ਹੈ ਕਿ ਕਹਾਣੀ ਦੇ ਮੂਲ ਨਾਲ ਛੇੜਛਾੜ ਕੀਤੇ ਬਗੈਰ ਕਹਾਣੀ ਦੀ ਮੌਲਿਕਤਾ ਬਰਕਰਾਰ ਰੱਖਣਾ ਅਤੇ ਉਸ ਦਾ ਹੂਬਹੂ ਉਤਾਰਾ ਨਾ ਬਣਾਉਣਾ ਕਿਸੇ ਵੀ ਰੂਪਾਂਤਰਨ ਦਾ ਸਭ ਤੋਂ ਔਖਾ ਤੇ ਅਹਿਮ ਕੰਮ ਹੈ। ਰੋਹਨ ਨੇ ਕਿਹਾ, ”ਜਦੋਂ ‘ਮਿਥਿਆ’ ਦੀ ਗੱਲ ਆਉਂਦੀ ਹੈ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਇੱਕ ਬਰਤਾਨਵੀ ਸ਼ੋਅ ਹੈ ਅਤੇ ਅਸੀਂ ਮੂਲ ਕਹਾਣੀ ਨੂੰ ਭਾਰਤੀ ਰੰਗ ਦੇ ਰਹੇ ਹਾਂ। ਇਸ ਕਰਕੇ ਮੁੱਖ ਬਿਰਤਾਂਤ ਦੀਆਂ ਕੁਝ ਸਮਾਨਤਾਵਾਂ ਤਾਂ ਹੋਣਗੀਆਂ ਪਰ ਭਾਰਤੀ ਸੰਸਕਰਨ ਵਿੱਚ ਕਹਾਣੀ ਲਿਖਣ ਵੇਲੇ ਸਾਡਾ ਸਮਾਜ ਅਤੇ ਸਾਡੀ ਮਾਨਸਿਕਤਾ ਧਿਆਨ ਵਿਚ ਰੱਖਣੀ ਜ਼ਰੂਰੀ ਹੈ।” ਉਸ ਨੇ ਕਿਹਾ, ”ਜਦੋਂ ਲੇਖਕ ਪੂਰਵ ਨਰੇਸ਼ ਨੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਹਿੰਦੀ ਅਧਿਆਪਕ ਬਣਾਉਣ ਦਾ ਸੁਝਾਅ ਦਿੱਤਾ ਤਾਂ ਇਸ ਨਾਲ ਬਹੁਤ ਕੁਝ ਬਦਲ ਗਿਆ। ਹਿੰਦੀ ਭਾਸ਼ਾ ਕਰਕੇ ਕਿਰਦਾਰ ਲਈ ਕਈ ਹੋਰ ਰਾਹ ਖੁੱਲ੍ਹ ਗਏ। ਮੈਂ ਕਹਾਂਗਾ ਕਿ ਇੱਕ ਚੰਗਾ ਰੂਪਾਂਤਰਨ ਅਜਿਹਾ ਹੋਣਾ ਚਾਹੀਦਾ ਹੈ, ਜੋ ਹੂਬਹੂ ਮੂਲ ਸ਼ੋਅ ਵਰਗਾ ਨਾ ਲੱਗੇ। ਮੈਂ ਚਾਹੁੰਦਾ ਹਾਂ ਕਿ ਲੋਕ ਸ਼ੋਅ ਦੇਖਣ ਅਤੇ ਕਹਿਣ ਕਿ ਇਹ ਮੂਲ ਸ਼ੋਅ ਹੀ ਜਾਪਦਾ ਹੈ, ਖਾਸ ਤੌਰ ‘ਤੇ ਉਦੋਂ, ਜਦੋਂ ਉਨ੍ਹਾਂ ਨੂੰ ਇਹ ਵੀ ਨਾ ਦੱਸਿਆ ਜਾਵੇ ਕਿ ਇਹ ਬਰਤਾਨਵੀ ਸ਼ੋਅ ਦਾ ਰੂਪਾਂਤਰਨ ਹੈ।” 18 ਫਰਵਰੀ ਨੂੰ ਜ਼ੀ5 ‘ਤੇ ਰਿਲੀਜ਼ ਹੋਣ ਵਾਲੇ ਇਸ ਸ਼ੋਅ ਵਿਚ ਹੁਮਾ ਕੁਰੈਸ਼ੀ ਦੇ ਨਾਲ ਅਵੰਤਿਕਾ ਦਸਾਨੀ, ਪਰਮਬ੍ਰਤਾ ਚਟੋਪਾਧਿਆਏ ਅਤੇ ਰਜਤ ਕੂਪਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। -ਆਈਏਐੱਨਐੱਸ