ਨਵੀਂ ਦਿੱਲੀ, 13 ਅਪਰੈਲ
ਪੁਲੀਸ ਨੇ ਅੱਜ ਕਿਹਾ ਹੈ ਕਿ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਿਚਲੇ ਅੰਮ੍ਰਿਤਾ ਸ਼ੇਰਗਿੱਲ ਮਾਰਗ ਸਥਿਤ ਘਰ ਵਿੱਚ ਕੰਮ ਕਰਨ ਵਾਲੀ ਨਰਸ ਨੂੰ ਉਸ ਦੇ ਪਤੀ ਦੇ ਨੂੰ ਫਰਵਰੀ ਵਿੱਚ ਉਨ੍ਹਾਂ ਦੇ ਘਰ ਤੋਂ 2.4 ਕਰੋੜ ਰੁਪਏ ਅਤੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਅਪਰਨਾ ਰੂਥ ਵਿਲਸਨ ਅਦਾਕਾਰਾ ਦੀ ਸੱਸ ਦੀ ਦੇਖਭਾਲ ਕਰਦੀ ਸੀ। ਵਿਲਸਨ ਦਾ ਪਤੀ ਨਰੇਸ਼ ਕੁਮਾਰ ਸਾਗਰ ਸ਼ਕਰਪੁਰ ਵਿੱਚ ਪ੍ਰਾਈਵੇਟ ਫਰਮ ਵਿੱਚ ਅਕਾਊਂਟੈਂਟ ਹੈ। ਪੁਲੀਸ ਨੇ ਦੱਸਿਆ ਕਿ ਚੋਰੀ 11 ਫਰਵਰੀ ਨੂੰ ਹੋਈ ਸੀ ਅਤੇ 23 ਫਰਵਰੀ ਨੂੰ ਤੁਗਲਕ ਰੋਡ ਪੁਲੀਸ ਸਟੇਸ਼ਨ ਵਿੱਚ ਇਸ ਦੀ ਰਿਪੋਰਟ ਹੋਣ ‘ਤੇ ਐਫਆਈਆਰ ਦਰਜ ਕੀਤੀ ਗਈ ਸੀ। ਮਾਮਲੇ ਵਿੱਚ ਸ਼ਿਕਾਇਤਕਰਤਾ ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਦੇ ਘਰ ਦਾ ਮੈਨੇਜਰ ਹੈ, ਜਿਥੇ 20 ਤੋਂ ਵੱਧ ਲੋਕ ਕੰਮ ਕਰਦੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਨਵੀਂ ਦਿੱਲੀ ਜ਼ਿਲ੍ਹੇ ਦੀ ਵਿਸ਼ੇਸ਼ ਸਟਾਫ਼ ਸ਼ਾਖਾ ਦੀ ਟੀਮ ਦੇ ਨਾਲ ਮੰਗਲਵਾਰ ਰਾਤ ਨੂੰ ਸਰਿਤਾ ਵਿਹਾਰ ਵਿੱਚ ਛਾਪੇ ਦੌਰਾਨ ਵਿਲਸਨ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਚੋਰੀ ਹੋਏ ਗਹਿਣੇ ਅਤੇ ਨਕਦੀ ਬਰਾਮਦ ਹੋਣੀ ਬਾਕੀ ਹੈ।