ਮੁੰਬਈ: ‘ਮਾਡਰਨ ਲਵ ਮੁੰਬਈ’ ਦੇ ਰਿਲੀਜ਼ ਹੋਣ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਵੈੱਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਕਲਾਕਾਰ ਇਸ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੀਰੀਜ਼ ਦੀ ਟੀਮ ਪ੍ਰਚਾਰ ਲਈ ਮੁੰਬਈ ਦੀਆਂ ਸੜਕਾਂ ‘ਤੇ ਉੱਤਰ ਆਈ ਹੈ। ਅਦਾਕਾਰ ਅਰਸ਼ਦ ਵਾਰਸੀ, ਚਿਤਰਾਂਗਦਾ ਸਿੰਘ, ਰੁਸ਼ਾਦ ਰਾਣਾ ਅਤੇ ਪ੍ਰਤੀਕ ਗਾਂਧੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੇ ਪ੍ਰਚਾਰ ਲਈ ਗਲੀਆਂ ਵਿੱਚ ਘੁੰਮ ਰਹੇ ਹਨ। ਹਾਲ ਹੀ ਵਿੱਚ, ਉਹ ਸਥਾਨਕ ਪ੍ਰੇਮ ਕਹਾਣੀਆਂ ਬਾਰੇ ਸੀਰੀਜ਼ ਦੇ ਪ੍ਰਚਾਰ ਲਈ ਇੱਕ ਮੁੰਬਈ ਕੈਬ ਵਿੱਚ ਚੜ੍ਹੇ। ਇਹ ਸੀਰੀਜ਼ 13 ਮਈ ਨੂੰ ਐਮਾਜ਼ੋਨ ‘ਤੇ ਰਿਲੀਜ਼ ਹੋਵੇਗੀ, ਜਿਸ ਦਾ ਨਿਰਮਾਣ ਰੰਗੀਤਾ ਅਤੇ ਇਸ਼ਿਤਾ ਪ੍ਰਤੀਸ਼ ਨੰਦੀ ਨੇ ਕੀਤਾ ਹੈ। ਸੀਰੀਜ਼ ਵਿੱਚ ਮਸਾਬਾ ਗੁਪਤਾ, ਰਿਤਵਿਕ ਭੌਮਿਕ, ਸਾਰਿਕਾ, ਦਿਨੇਸ਼ ਰਾਜ਼ਵੀ, ਤਨਵੀ ਆਜ਼ਮੀ, ਤਨੂਜਾ, ਪ੍ਰਤੀਕ ਗਾਂਧੀ, ਰਣਵੀਰ ਬਰਾੜ, ਮੇਆਂਗ ਚਾਂਗ, ਯਿਓ ਯੈਨ ਯੈਨ, ਵਾਮਿਕਾ ਗੱਬੀ, ਨਸੀਰੂਦੀਨ ਸ਼ਾਹ, ਅਰਸ਼ਦ ਵਾਰਸੀ ਅਤੇ ਚਿੰਤਰਾਂਗਦਾ ਸਿੰਘ ਨੇ ਕੰਮ ਕੀਤਾ ਹੈ। -ਆਈਏਐੱਨਐੱਸ