ਮੁੰਬਈ/ਨਵੀਂ ਦਿੱਲੀ: ਉੱਘੇ ਸੰਤੂਰਵਾਦਕ ਸ਼ਿਵ ਕੁਮਾਰ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਸੰਤੂਰ ਨੂੰ ਕੌਮਾਂਤਰੀ ਮੰਚ ਤੱਕ ਲਿਜਾਣ ਦਾ ਸਿਹਰਾ ਸ਼ਿਵ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਇਸ ਤੰਤੀ ਸਾਜ਼ ਨੂੰ ਸ਼ਾਸਤਰੀ ਤੇ ਫ਼ਿਲਮ ਸੰਗੀਤ ਜਗਤ ਵਿਚ ਵੀ ਖ਼ੂਬ ਵਰਤਿਆ ਤੇ ਹਰਮਨਪਿਆਰਾ ਬਣਾਇਆ। ਵੇਰਵਿਆਂ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਭਾਰਤ ਦੇ ਮੰਨੇ-ਪ੍ਰਮੰਨੇ ਸ਼ਾਸਤਰੀ ਸੰਗੀਤਕਾਰ ਦੀ ਮੌਤ ਸਵੇਰੇ ਉਨ੍ਹਾਂ ਦੀ ਪਾਲੀ ਹਿੱਲ ਸਥਿਤ ਰਿਹਾਇਸ਼ ‘ਚ ਹੀ ਹੋਈ। ਉਹ ਆਪਣੇ ਆਖ਼ਰੀ ਸਮੇਂ ਤੱਕ ਸਰਗਰਮ ਰਹੇ ਤੇ ਅਗਲੇ ਹਫ਼ਤੇ ਉਨ੍ਹਾਂ ਭੋਪਾਲ ਵਿਚ ਪੇਸ਼ਕਾਰੀ ਦੇਣੀ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਮਨੋਰਮਾ ਤੋਂ ਇਲਾਵਾ ਪੁੱਤਰ ਰਾਹੁਲ ਤੇ ਰੋਹਿਤ ਹਨ। ਰਾਹੁਲ ਵੀ ਸੰਤੂਰਵਾਦਕ ਹੈ। ਮਰਹੂਮ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੀ ਧੀ ਦੁਰਗਾ ਜਸਰਾਜ ਨੇ ਦੱਸਿਆ ਕਿ ਸ਼ਿਵ ਸ਼ਰਮਾ ਬਾਥਰੂਮ ਵਿਚ ਬੇਹੋਸ਼ ਹੋ ਗਏ ਤੇ ਪਲਾਂ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪੰਡਿਤ ਜਸਰਾਜ ਨਾਲ ਸ਼ਿਵ ਦੀ ਕਾਫ਼ੀ ਨੇੜਤਾ ਸੀ। ਸ਼ਿਵ ਕੁਮਾਰ ਸ਼ਰਮਾ ਦੇ ਸਕੱਤਰ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਫ਼ਿਲਹਾਲ ਪਾਲੀ ਹਿੱਲ ਸਥਿਤ ਘਰ ਵਿਚ ਹੀ ਰੱਖਿਆ ਗਿਆ ਹੈ। ਭਲਕੇ ਸਵੇਰੇ 10 ਵਜੇ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਅਭਿਜੀਤ ਹਾਊਸਿੰਗ ਸੁਸਾਇਟੀ, ਜੁਹੂ ਵਿਚ ਇਕ ਵਜੇ ਤੱਕ ਰੱਖਿਆ ਜਾਵੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਦਫ਼ਤਰ ਮੁਤਾਬਕ ਸ਼ਿਵ ਕੁਮਾਰ ਸ਼ਰਮਾ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਿਵ ਕੁਮਾਰ ਸ਼ਰਮਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਵ ਕੁਮਾਰ ਸ਼ਰਮਾ ਦੇ ਚਲੇ ਜਾਣ ਨਾਲ ਸਾਡੇ ਸਭਿਆਚਾਰਕ ਜਗਤ ਨੂੰ ਵੱਡਾ ਘਾਟਾ ਪਿਆ ਹੈ। ਸੰਤੂਰਵਾਦਕ ਵਜੋਂ ਉਹ ਪੂਰੇ ਵਿਸ਼ਵ ਵਿਚ ਪ੍ਰਸਿੱਧ ਸਨ। ਉਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ‘ਤੇ ਵੀ ਆਪਣੀ ਛਾਪ ਛੱਡੇਗਾ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸ਼ਿਵ ਸ਼ਰਮਾ ਨੇ ਜੰਮੂ ਕਸ਼ਮੀਰ ਦੇ ਰਵਾਇਤੀ ਸਾਜ਼ ਨੂੰ ਪੂਰੀ ਦੁਨੀਆ ਵਿਚ ਮਸ਼ਹੂਰ ਕੀਤਾ। ਇਹ ਜਾਣ ਕੇ ਮਨ ਦੁਖੀ ਹੈ ਕਿ ਉਨ੍ਹਾਂ ਦਾ ਸੰਤੂਰ ਹੁਣ ਚੁੱਪ ਹੋ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਮਤਾ ਬੈਨਰਜੀ, ਐਨਸੀ ਆਗੂ ਉਮਰ ਅਬਦੁੱਲਾ, ਸਰੋਦ ਵਾਦਕ ਅਮਜਦ ਅਲੀ ਖਾਨ, ਗ਼ਜ਼ਲ ਗਾਇਕ ਪੰਕਜ ਉਦਾਸ, ਅਭਿਨੇਤਰੀ ਸ਼ਬਾਨਾ ਆਜ਼ਮੀ, ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਹੋਰਾਂ ਨੇ ਵੀ ਸ਼ਰਮਾ ਦੇ ਦੇਹਾਂਤ ਉਤੇ ਡੂੰਘਾ ਅਫ਼ਸੋਸ ਜਤਾਇਆ ਹੈ। -ਪੀਟੀਆਈ
‘ਸ਼ਿਵ-ਹਰੀ’ ਦੀ ਜੋੜੀ ਵਜੋਂ ਕਈ ਹਿੱਟ ਫ਼ਿਲਮਾਂ ‘ਚ ਦਿੱਤਾ ਸੰਗੀਤ
ਪਦਮ ਵਿਭੂਸ਼ਣ ਨਾਲ ਸਨਮਾਨਿਤ ਸ਼ਿਵ ਕੁਮਾਰ ਸ਼ਰਮਾ ਦਾ ਜਨਮ ਜੰਮੂ ਵਿਚ 1938 ਵਿਚ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਸੰਤੂਰ ‘ਤੇ ਭਾਰਤੀ ਸ਼ਾਸਤਰੀ ਸੰਗੀਤ ਵਜਾਉਣ ਵਾਲੇ ਉਹ ਪਹਿਲੇ ਸੰਗੀਤਕਾਰ ਸਨ। ਸ਼ਿਵ-ਹਰੀ ਦੀ ਜੋੜੀ ਵਜੋਂ ਉਨ੍ਹਾਂ ਬੰਸਰੀ ਵਾਦਕ ਪੰਡਿਤ ਹਰੀ ਪ੍ਰਸਾਦ ਚੌਰਸੀਆ ਨਾਲ ਮਿਲ ਕੇ ‘ਸਿਲਸਿਲਾ’, ‘ਲਮਹੇ’, ‘ਚਾਂਦਨੀ’ ਤੇ ‘ਡਰ’ ਜਿਹੀਆਂ ਫ਼ਿਲਮਾਂ ਵਿਚ ਸੰਗੀਤ ਦਿੱਤਾ। ਸ਼ਰਮਾ ਨੂੰ 1986 ਵਿਚ ਸੰਗੀਤ ਨਾਟਕ ਅਕਾਦਮੀ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ। ਇਸ ਤੋਂ ਬਾਅਦ 1991 ਵਿਚ ਉਨ੍ਹਾਂ ਨੂੰ ਪਦਮਸ੍ਰੀ ਤੇ 2001 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।