ਨੇਹਾ ਜਮਾਲ
ਜ਼ਿਲ੍ਹਾ ਤਰਨ ਤਾਰਨ ਦਾ ਜੰਮਪਲ ਤੇ ਕੈਨੇਡਾ ਵਿੱਚ ਰਹਿੰਦਾ ਜਸ਼ਨ ਸਿੰਘ ਫਿਲਮ ਅਦਾਕਾਰੀ, ਨਿਰਦੇਸ਼ਨ ਅਤੇ ਸਿਨੇਮੈਟੋਗ੍ਰਾਫੀ ਦੇ ਖੇਤਰ ਵਿੱਚ ਵੱਡੀਆਂ
ਮੱਲਾਂ ਮਾਰ ਰਿਹਾ ਹੈ। ਉਸ ਦਾ ਪੂਰਾ ਨਾਂ ਜਸ਼ਨ ਪ੍ਰੀਤ ਸਿੰਘ ਹੈ, ਜੋ ਸ਼ੌਕੀਆ ਫੋਟੋਗ੍ਰਾਫੀ ਵੀ ਕਰਦਾ ਹੈ। ਉਸ ਦੀਆਂ ਖਿੱਚੀਆਂ ਤਸਵੀਰਾਂ ਵੱਖ-ਵੱਖ ਫੋਟੋ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਹੁੰਦੀਆਂ ਹਨ। ਉਹ ਕਈ ਲਘੂ ਫਿਲਮਾਂ, ਸੰਗੀਤਕ ਵੀਡਿਓਜ਼ ਤੇ ਇਸ਼ਤਿਹਾਰੀ ਫਿਲਮਾਂ ਬਣਾ ਚੁੱਕਾ ਹੈ। ਕੈਨੇਡਾ ਵਿੱਚ ਉਸ ਦੀ ਅਮਨਿੰਦਰ ਢਿੱਲੋਂ ਨਾਲ ਭਾਈਵਾਲੀ ਵਿੱਚ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਸੀਐੱਨਈ ਐਂਡ ਡੀਟੀਏ ਫ਼ਿਲਮਜ਼ ਇੰਕ. ਹੈ।
ਜਸ਼ਨ ਸਿੰਘ ਬੀਤੇ ਮਹੀਨੇ ਹੋਏ ਚੰਡੀਗੜ੍ਹ ਮਿਊੁਜ਼ਿਕ ਐਂਡ ਫ਼ਿਲਮ ਫੈਸਟੀਵਲ ਲਈ ਨਾਮਜ਼ਦ ਹੋਈ ਆਪਣੀ ਅਦਾਕਾਰੀ ਤੇ ਨਿਰਦੇਸ਼ਨ ਵਾਲੀ ਲਘੂ ਫ਼ਿਲਮ ‘ਕੋਵਿਡ-19 ਏ ਲਾਕਡਾਊਨ ਟੇਲ’ ਲਈ ਚਰਚਾ ਵਿੱਚ ਹੈ। ਇਸ ਦਾ ਸਿਨੇਮੈਟੋਗ੍ਰਾਫਰ ਵੀ ਉਹ ਖ਼ੁਦ ਹੈ। ਇਸ ਫੈਸਟੀਵਲ ਦੌਰਾਨ ਇਸ ਫਿਲਮ ਨੂੰ ਮਾਹਿਰਾਂ ਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਫਿਲਮ ਦੇ ਨਿਰਮਾਤਾ ਕੁਲਵੰਤ ਸਿੰਘ ਢਿੱਲੋਂ ਹਨ, ਜਿਸ ਵਿੱਚ ਅਮਨਿੰਦਰ ਢਿੱਲੋਂ, ਸ਼ਾਹੀਨ ਬਖ਼ਸ਼ੀ, ਅਮਨ ਬੁੱਟਰ, ਗੁਰਲੀਨ ਕੌਰ ਅਤੇ ਨਿਕ ਬਮਰਾਹ ਨੇ ਵੀ ਅਦਾਕਾਰੀ ਕੀਤੀ ਹੈ।
ਜਸ਼ਨ ਪ੍ਰੀਤ ਸਿੰਘ ਦਾ ਜਨਮ ਤਰਨ ਤਾਰਨ ਦੇ ਮਸ਼ਹੂਰ ਸਰਜਨ ਡਾ. ਸੁਰਿੰਦਰ ਸਿੰਘ ਕੈਂਥ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਉਸ ਨੇ ਅੰਮ੍ਰਿਤਸਰ ਕਾਲਜ ਆਫ ਇੰਜਨੀਅਰਿੰਗ ਤੋਂ ਸੂਚਨਾ ਟੈਕਨਾਲੋਜੀ ਵਿੱਚ ਬੀਟੈੱਕ ਕੀਤੀ ਤੇ ਫਿਰ ਅਗਲੇਰੀ ਪੜ੍ਹਾਈ ਲਈ ਕੈਨੇਡਾ ਚਲਾ ਗਿਆ ਤੇ ਉੱਥੇ ਐਡਵਾਂਸਡ ਫਿਲਮ ਮੇਕਿੰਗ ਦਾ ਕੋਰਸ ਕੀਤਾ। ਉਸ ਨੇ ਪੰਜਾਬੀ ਫਿਲਮ ‘ਆਵਾ ਊਤ’ ਦੇ ਕੈਨੇਡਾ ਵਿੱਚ ਫਿਲਮਾਏ ਗਏ ਹਿੱਸੇ ਲਈ ਬਤੌਰ ਸਿਨੇਮੈਟੋਗ੍ਰਾਫਰ ਕੰਮ ਕੀਤਾ।
ਜਸ਼ਨ ਸਿੰਘ ਵੱਲੋਂ ਨਿਰਦੇਸ਼ਿਤ ਵੈੱਬ ਸੀਰੀਜ਼ ‘ਰੰਗ ਕੈਨੇਡਾ ਦੇ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਉਸ ਨੇ ਇੱਕ ਹੋਰ ਫ਼ਿਲਮ ‘ਰੇਂਜ ਰੋਡ 290’ ਵਿੱਚ ਬਤੌਰ ਮੁੱਖ ਅਦਾਕਾਰ ਕੰਮ ਕੀਤਾ ਹੈ। ਉਹ ਇੱਕ ਹੋਰ ਵੈੱਬ ਸੀਰੀਜ਼ ਵੀ ਬਣਾ ਰਿਹਾ ਹੈ ਜਿਹੜੀ ਭਾਰਤੀ ਰੈਸਟੋਰੈਂਟ ਅਤੇ ਇਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਗਾਹਕਾਂ ਦੁਆਲੇ ਘੁੰਮਦੀ ਹੈ। ਉਸ ਨੇ ਇੱਕ ਦੁਰਲੱਭ ਜੀਨ ਸਮੱਸਿਆ ‘ਏਹਲਰਜ਼-ਡੈਨਲੋਸ ਸਿੰਡਰੋਮ’ (Ehlers-Danlos syndrome- ਈਡੀਐੱਸ) ਉੱਤੇ ਬਣੀ ਦਸਤਾਵੇਜ਼ੀ ਫਿਲਮ ਵਿੱਚ ਵੀ ਸਿਨੇਮੈਟੋਗ੍ਰਾਫਰ ਵਜੋਂ ਕੰਮ ਕੀਤਾ। ਇਸ ਦਸਤਾਵੇਜ਼ੀ ਫਿਲਮ ਨੂੰ ਕਲਕੱਤਾ ਇੰਟਰਨੈਸ਼ਨਲ ਕਲਟ ਫਿਲਮ ਫੈਸਟੀਵਲ ਅਤੇ ਟੋਰਾਂਟੋ ਇੰਡੀਪੈਂਡੈਂਟ ਫਿਲਮ ਫੈਸਟੀਵਲ ਆਫ ਸਿਫਟ ਵਿੱਚ ਵੱਖ ਵੱਖ ਵਰਗਾਂ ਵਿੱਚ ਐਵਾਰਡ ਮਿਲੇ ਹਨ।
ਸੰਪਰਕ: 95928-47086