ਹਰਭਿੰਦਰ ਸਿੰਘ ਸੰਧੂ
ਆਉ ਇੱਕਠੇ ਹੋ ਕੇ ਇੱਕ ਮੁਹਿੰਮ ਚਲਾਈਏ
ਅਗਲੀ ਪੀੜ੍ਹੀ ਲਈ ਪਾਣੀ ਤੇ ਰੁੱਖ ਬਚਾਈਏ।
ਜੋ ਪਾਣੀ ਦੀ ਦੁਰਵਰਤੋਂ ਹੁੰਦੀ, ਆਓ ਬੰਦ ਕਰੀਏ
ਪਾਣੀ ਵੀ ਮੁੱਕ ਸਕਦੈ, ਇਸ ਗੱਲ ਤੋਂ ਡਰੀਏ।
ਹਰ ਰੋਜ਼ ਹੀ ਪਾਣੀ ਦੀ ਬੂੰਦ ਬੂੰਦ ਬਚਾਈਏ
ਬਿਨਾਂ ਲੋੜ ਤੋਂ ਟਿਊਬਵੈੱਲ ਟੂਟੀਆ ਨਾ ਚਲਾਈਏ।
ਇੱਕ ਦਿਨ ਸਭ ਪਛਤਾਵਾਂਗੇ ਸਮਾਂ ਆਊ ਐਸਾ
ਜੇ ਰਹੀ ਨਾ ਤੰਦਰੁਸਤੀ ਤਾਂ ਕੀ ਕਰਾਂਗੇ ਪੈਸਾ।
ਸੋਚੋ, ਜੇ ਨਾ ਧਰਤੀ ਉੱਤੇ ਰਹੀ ਹਰਿਆਲੀ
ਦੋਸ਼ੀ ਪਾਏ ਜਾਵਾਂਗੇ ਜੇ ਨਾ ਸੁਰਤ ਸੰਭਾਲੀ।
ਸੜਕ ਕਿਨਾਰੇ ਉੱਗੇ ਜੋ ਇਹ ਰੁੱਖ ਬਚਾਵੋ
ਪਿੰਡ ਦੀਆਂ ਫਿਰਨੀਆ ‘ਤੇ ਵੀ ਬੂਟੇ ਲਾਵੋ।
ਜੇ ਹਵਾ ਮੁੱਲ ਦੀ ਲੈ ਕੇ ਕਿਧਰੇ ਜੀਣਾ ਪੈ ਗਿਆ
ਫਿਰ ਸੰਧੂ ਆਊ ਚੇਤੇ, ਗੱਲਾਂ ਸੱਚ ਕਹਿ ਗਿਆ।
ਸੰਪਰਕ: 97810-81888
ਭਾਲੂ ਵਾਲਾ ਭਾਈ
ਹਰਪ੍ਰੀਤ ਪੱਤੋ
ਇੱਕ ਦਿਨ ਭਾਲੂ ਲੈ ਕੇ ਭਾਈ
ਗਲੀ ਸਾਡੀ ਵਿੱਚ ਆਇਆ।
ਗਲ ਵਿੱਚ ਬਗਲੀ ਹੱਥ ‘ਚ ਸੋਟੀ
ਡਮਰੂ ਆਣ ਵਜਾਇਆ।
ਖੁੱਲ੍ਹੀ ਸਾਰੀ ਥਾਂ ‘ਤੇ ਬੈਠਾ
ਘੇਰਾ ਜਿਹਾ ਬਣਾ ਕੇ।
ਕੀ ਬੱਚੇ ਤੇ ਨਿਆਣੇ ਸਿਆਣੇ
ਜੁੜ ਬੈਠੇ ਸਭ ਆ ਕੇ।
ਸੋਟੀ ਦੇ ਜਦ ਕਰੇ ਇਸ਼ਾਰੇ
ਰਿੱਛ ਸੀ ਉਵੇਂ ਕਰਦਾ।
ਜਿਵੇਂ ਨਚਾਵੇ ਨੱਚੀ ਜਾਂਦਾ
ਸੀ ਡੰਡੇ ਕੋਲੋਂ ਡਰਦਾ।
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਬੱਚਿਓ
ਸਭ ਨੂੰ ਕਰ ਦਿਖਾਵੇ।
ਪੱਤੋ, ਭਾਲੂ ਵਾਲਾ ਭਾਈ
ਪੈਸੇ ਫੜ ਬੋਝੇ ਪਾਵੇ।
ਸੰਪਰਕ: 94658-21417
ਗ੍ਰਹਿ-ਤਾਰੇ
ਵਿਕਾਸ ਵਰਮਾ
ਅੰਬਰ ਵਿੱਚ ਇਕੱਠੇ ਭਾਵੇਂ, ਚਮਕਣ ਗ੍ਰਹਿ ਤੇ ਤਾਰੇ
ਦੋਹਾਂ ਵਿਚਾਲੇ ਅੰਤਰ ਕੀ ਹੈ, ਆਓ ਜਾਣੀਏ ਸਾਰੇ।
ਆਪਣਾ ਪ੍ਰਕਾਸ਼ ਪੈਦਾ ਕਰਕੇ, ਤਾਰੇ ਤਾਂ ਦਿੰਦੇ ਖਲਾਰ
ਪਰਮਾਣੂ ਫਿਊਜ਼ਨ ਹੈ ਇਨ੍ਹਾਂ ਦੇ, ਪ੍ਰਕਾਸ਼ ਦਾ ਆਧਾਰ।
ਸੂਰਜੀ ਰੋਸ਼ਨੀ ਪੈਣ ਨਾਲ ਹੀ, ਚਮਕਣ ਸਭ ਗ੍ਰਹਿ
ਗ੍ਰਹਿ ਦਾ ਆਪਣਾ ਪ੍ਰ੍ਰਕਾਸ਼ ਨਹੀਂ, ਅਸੀਂ ਸਕਦੇ ਕਹਿ।
ਬ੍ਰਹਿਮੰਡ ਵਿੱਚ ਅਨੰਤ ਗਿਣਤੀ, ਹੈ ਤਾਰਿਆਂ ਦੀ
ਗ੍ਰ੍ਰਹਿ ਕੇਵਲ ਅੱਠ, ਸਾਡੇ ਸੌਰ ਮੰਡਲ ਵਿੱਚ ਜੀ।
ਤਾਰੇ ਸਦਾ ਹੀ ਟਿਮਟਿਮਾਉਂਦੇ, ਰਾਤ ਨੂੰ ਦਿੰਦੇ ਦਿਖਾਈ
ਗ੍ਰਹਿ ਕਦੇ ਵੀ ਟਿਮਟਿਮਾਉਂਦੇ ਨਹੀਂ, ਯਾਦ ਰੱਖੋ ਭਾਈ।
ਤੁਲਨਾ ਜੇ ਆਕਾਰ ‘ਚ ਹੋਵੇ, ਗ੍ਰਹਿ ਦੀ ਤਾਰੇ ਨਾਲ
ਗ੍ਰਹਿਾਂ ਨਾਲੋਂ ਤਾਰੇ ਤਾਂ, ਕਈ ਗੁੁਣਾ ਹੁੰਦੇ ਵਿਸ਼ਾਲ।
ਉੱਚ ਤਾਪਮਾਨ ਤਾਰੇ ਦਾ, ਕਰਦਾ ਹੈ ਬਹੁਤ ਹੈਰਾਨ
ਸੂਰਜੀ ਦੂਰੀ ਦਾ ਉਲਟ ਅਨੁਪਾਤੀ, ਗ੍ਰਹਿ ਦਾ ਤਾਪਮਾਨ।
ਕਿਸੇ ਵੀ ਹੋਰ ਤਾਰੇ ਦੀ, ਪਰਿਕਰਮਾ ਨਹੀਂ ਕਰਦੇ ਤਾਰੇ
ਪਰਿਕਰਮਾ ਕਰਦੇ ਸੂਰਜ ਦੀ, ਗ੍ਰਹਿ ਸਭ ਹਲਕੇ-ਭਾਰੇ।
ਤਾਰੇ ਜ਼ਿਆਦਾ ਦੂਰੀ ਦੇ ਕਾਰਨ, ਜਾਪਣ ਬਿੰਦੂ ਗੋਲ
ਸੌਰ ਮੰਡਲ ਦਾ ਤਾਰਾ ‘ਵਰਮਾ’, ਸੂਰਜ, ਸਾਡੇ ਕੋਲ।
ਸੰਪਰਕ: 94636-53056
ਮਾਂ
ਮੇਜਰ ਸਿੰਘ ਰਾਜਗੜ੍ਹ
ਪਹੁ ਫੁਟਾਲੇ ਅੰਮ੍ਰਿਤ ਵੇਲੇ
ਸਭ ਨੂੰ ਆਪ ਜਗਾਉਦੀ ਮਾਂ।
ਪਾਣੀ ਦੇ ਨਾਲ ਮੁੱਖੜਾ ਧੋਵੇ
ਮਨ ਦੀ ਆਲਸ ਲਾਹੁੰਦੀ ਮਾਂ।
ਕੁਦਰਤ ਦਾ ਸ਼ੁਕਰਾਨਾ ਕਰੀਏ
ਕਹਿ ਇਹ ਸਮਝਾਉਂਦੀ ਮਾਂ।
‘ਕੱਠੇ ਹੋ ਕੇ ਬਹਿ ਜਾਂਦੇ ਹਾਂ
ਪਿਆਲੀਆਂ ਵਿੱਚ ਚਾਹ ਪਾਉਂਦੀ ਮਾਂ।
ਘਰ ਦੇ ਕੰਮ ਨਬੇੜੇ ਜਲਦੀ
ਯਾਦ ਸਕੂਲ ਕਰਾਉਂਦੀ ਮਾਂ।
ਨੀਝ ਨਾਲ ਟਾਈ ਲਾ ਕੇ
ਫੁੱਲਾਂ ਵਾਂਗ ਸਜਾਉਂਦੀ ਮਾਂ।
ਪੜ੍ਹਕੇ ਜਦੋਂ ਸਕੂਲੋਂ ਆਈਏ
ਛਾਤੀ ਦੇ ਨਾਲ ਲਾਉਂਦੀ ਮਾਂ।
ਅੱਖੋਂ ਓਹਲੇ ਹੋਣ ਨਾ ਦੇਵੇ
ਪਲ ਪਲ ਰਾਹ ਰੁਸ਼ਨਾਉਂਦੀ ਮਾਂ।
ਬੁੱਕਲ ਦੇ ਵਿੱਚ ਲਾਡ ਲਡਾਉਂਦੀ
ਲੋਰੀਆਂ ਗੀਤ ਸੁਣਾਉਂਦੀ ਮਾਂ।
ਸੂਰਜ ਵਰਗੀ ਸਮਝਾਂ ਜਿਸ ਨੂੰ
ਸਾਰਾ ਜੱਗ ਰੁਸ਼ਨਾਉਂਦੀ ਮਾਂ।
ਸਿਰ ‘ਤੇ ਛਾਂ ਹੱਥਾਂ ਦੀ ਕਰਦੀ
ਰੱਬ ਦਾ ਦਰਜਾ ਪਾਉਂਦੀ ਮਾਂ।
ਸੀਨੇ ਉੱਤੇ ਦੁਖੜੇ ਝਲਦੀ
ਕਹਿ ਕੇ ਨਹੀਂ ਸੁਣਾਉਂਦੀ ਮਾਂ।
ਏਨੇ ਗੁਣਾਂ ਦੀ ਮਾਲਕ ਹੋ ਕੇ
ਸੁਪਨੇ ਨਵੇਂ ਸਜਾਉਂਦੀ ਮਾਂ।
ਸੰਪਰਕ: 98766-64204
ਅੰਬ ਤੋੜਨਾ
ਬਲਜਿੰਦਰ ਕੌਰ ਸ਼ੇਰਗਿੱਲ
ਹੋ ਗਈ ਛੁੱਟੀ ਸਕੂਲ ਦੀ, ਬੈਗ ਲੈ ਨੱਸੇ
ਅੰਬ ਤੋੜਨੇ ਰਸਤੇ ‘ਚ, ਯਾਰਾਂ ਸੰਗ ਭੱਜੇ
ਲੱਗੇ ਵੱਟੇ ਮਾਰਨ, ਅੰਬ ਨਹੀਂਓ ਟੁੱਟੇ
ਸੋਚ ਸੋਚ ਸਾਹ ਸਭ ਦੇ ਸੁੱਕੇ
ਆਈ ਤਰਕੀਬ ਮਨ ‘ਚ, ਚੁੱਕੋਂ ਹੁਣ ਇੱਕ ਦੂਜੇ
ਫੜ ਡੰਡਾ ਹੱਥ ‘ਚ ਅੰਬਾਂ ਦੇ ਮਾਰੇ ਮੁੱਕੇ
ਦੜ ਦੜ ਕਰ ਡਿੱਗੇ, ਅੰਬ ਸਾਰੇ ਪੱਕੇ
ਕੋਲ ਖੜ੍ਹਾ ਡਿੱਬੂ ਅੰਬ ਨੂੰ ਵਾਰ-ਵਾਰ ਤੱਕੇ
ਚੋਰੀ ਚੋਰੀ ਤੋੜੇ ਅੰਬ ਦਾ ਸਵਾਦ ਚੱਖਣ ਲੱਗੇ
ਦੂਰੋਂ ਆਉਂਦੇ ਮਾਲਕ ਨੂੰ ਵੇਖ, ਅੰਬ ਛੱਡ ਸੀ ਨੱਸੇ
ਝਿੜਕਾਂ ਖਾ -ਖਾ ਕੰਨ ਸਭ ਦੇ ਸੀ ਪੱਕੇ
ਯਾਰਾਂ ਬੇਲੀਆਂ ਨਾਲ ਅੰਬ ਖਾ ਸਭ ਹੱਸੇ ਟੱਪੇ।
ਸੰਪਰਕ: 98785-19278
ਬਸਤਾ
ਬਲਵਿੰਦਰ ਬਾਲਮ
ਉੱਚ ਸਿੱਖਿਆ ਦਾ ਰਸਤਾ ਹੈ ਇਹ
ਵੇਖਣ ਨੂੰ ਪਰ ਸਸਤਾ ਹੈ ਇਹ|
ਬੱਚਿਆਂ ਦਾ ਕਿਰਦਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ।
ਇਸ ਵਿੱਚ ਮਾਨਵਤਾ ਦੇ ਗੁਣ ਨੇ
ਸ਼ਕਤੀ ਭਗਤੀ ਵਿੱਚ ਅਰਪਣ ਨੇ
ਦਿੰਦਾ ਸਭ ਨੂੰ ਪਿਆਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਇਮਤਿਹਾਨ ਦਯਾ ਤੇ ਬੁੱਧੀ
ਤਨ ਮਨ ਵਿੱਚ ਨੇ ਦੇਂਦੇ ਸ਼ੁੱਧੀ
ਫਰਜ਼ਾਂ ਦਾ ਭੰਡਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਕਰਮਠਤਾ ਨੇ ਇਸ ਦੇ ਗਹਿਣੇ
ਜਿਉਂ ਫੁੱਲਾਂ ਦੇ ਲਟਕਣ ਟਹਿਣੇ
ਭਵਿੱਖ ਦਾ ਸਤਿਕਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਸਿੱਖਿਆ ਦੀ ਇਹ ਪੌੜੀ ਉੱਚੀ
ਜਿਸ ਵਿੱਚ ਵਿਦਿਆ ਸੱਚੀ ਸੁੱਚੀ
ਸਦਗੁਰੂ ਸਭਿਆਚਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਇਸ ਵਿੱਚ ਮਿਹਨਤ ਪੂਜਾ ਵਾਲੀ
ਲੱਖਾਂ ਦੀਵੇ ਇੱਕ ਹੈ ਥਾਲੀ
ਮੰਦਿਰ ਦਾ ਦੀਦਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਇਸ ‘ਚੋਂ ਬੱਚੇ ਸੂਰਜ ਬਣਦੇ
‘ਬਾਲਮ’ ਨੇਰ੍ਹੇ ਰੋਸ਼ਨ ਕਰਦੇ
ਸੰਕਲਪ ਦਾ ਇਕਰਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ|
ਸੰਪਰਕ: 98156-25409